ਪੰਜਾਬ CM ਦੇ OSD ਦੇ ਘਰ ਛਾਪੇਮਾਰੀ ਦੌਰਾਨ CBI ਦੀਆਂ ਗੱਡੀਆਂ 'ਤੇ ਵਰ੍ਹੇ ਫੁੱਲ, ਮਾਮਲੇ ’ਚ ਭਵਾਨੀਗੜ੍ਹ ਦਾ SHO ਸਸਪੈਂਡ
ਐੱਸ.ਐੱਚ.ਓ. ਦੀ ਮੁਅੱਤਲੀ ਦੀ ਪੁਸ਼ਟੀ ਡੀ.ਐੱਸ.ਪੀ. ਭਵਾਨੀਗੜ੍ਹ ਸਤਨਾਮ ਸਿੰਘ ਨੇ ਕੀਤੀ ਹੈ। ਮੁਅੱਤਲੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਦੇਰ ਸ਼ਾਮ ਤੱਕ ਪੁਲਿਸ ਦੇ ਥਾਣਾ ਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਇਸ ਸੰਬੰਧੀ ਕੋਈ ਸਪੱਸ਼ਟ ਜਾਣਕਾਰੀ ਦੇਣ ਤੋਂ ਬਚਦੇ ਰਹੇ।
Publish Date: Thu, 08 Oct 2026 12:06 PM (IST)
Updated Date: Thu, 08 Oct 2026 12:08 PM (IST)
ਜਾਗਰਣ ਸੰਵਾਦਦਾਤਾ, ਸੰਗਰੂਰ। ਨੇੜਲੇ ਪਿੰਡ ਘਰਾਚੋਂ ’ਚ ਮੰਗਲਵਾਰ ਨੂੰ ਸੀ.ਬੀ.ਆਈ. ਟੀਮ ਦੇ ਪਹੁੰਚਣ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸੀ.ਬੀ.ਆਈ. ਅਧਿਕਾਰੀਆਂ ਦੀ ਗੱਡੀ 'ਤੇ ਫੁੱਲ ਬਰਸਾਉਣ ਦੀ ਘਟਨਾ ਤੋਂ ਬਾਅਦ ਪੁਲਿਸ ਵਿਭਾਗ ਨੇ ਥਾਣਾ ਭਵਾਨੀਗੜ੍ਹ ਦੇ ਐੱਸ.ਐੱਚ.ਓ. ਐੱਸ.ਆਈ. ਯਸ਼ਪਾਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਹੈ।
ਐੱਸ.ਐੱਚ.ਓ. ਦੀ ਮੁਅੱਤਲੀ ਦੀ ਪੁਸ਼ਟੀ ਡੀ.ਐੱਸ.ਪੀ. ਭਵਾਨੀਗੜ੍ਹ ਸਤਨਾਮ ਸਿੰਘ ਨੇ ਕੀਤੀ ਹੈ। ਮੁਅੱਤਲੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਦੇਰ ਸ਼ਾਮ ਤੱਕ ਪੁਲਿਸ ਦੇ ਥਾਣਾ ਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਇਸ ਸੰਬੰਧੀ ਕੋਈ ਸਪੱਸ਼ਟ ਜਾਣਕਾਰੀ ਦੇਣ ਤੋਂ ਬਚਦੇ ਰਹੇ।
ਇਸ ਦੌਰਾਨ ਸੀ.ਬੀ.ਆਈ. ਟੀਮ ਦੀ ਗੱਡੀ 'ਤੇ ਫੁੱਲ ਬਰਸਾਉਣ ਵਾਲੇ ਆਗੂਆਂ ਨੂੰ ਮੌਕੇ 'ਤੇ ਪੁਲਿਸ ਵੱਲੋਂ ਹਿਰਾਸਤ ਵਿੱਚ ਨਹੀਂ ਲਏ ਜਾਣ ਨੂੰ ਲੈ ਕੇ ਵੀ ਆਮ ਲੋਕਾਂ ਤੇ ਮੀਡੀਆ ਵਿੱਚ ਚਰਚਾ ਹੁੰਦੀ ਰਹੀ। ਐੱਸ.ਐੱਚ.ਓ. ਦੀ ਮੁਅੱਤਲੀ ਨੂੰ ਲੈ ਕੇ ਵੀ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ। ਇਸ ਨੂੰ ਘਰਾਚੋਂ ਵਿੱਚ ਵਾਪਰੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ।
ਐੱਸ.ਐੱਚ.ਓ. 'ਤੇ ਲੱਗੇ ਲਾਪਰਵਾਹੀ ਦੇ ਦੋਸ਼
ਬਾਅਦ ਵਿੱਚ ਡੀ.ਐੱਸ.ਪੀ. ਸਤਨਾਮ ਸਿੰਘ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਐੱਸ.ਐੱਚ.ਓ. ਯਸ਼ਪਾਲ ਸ਼ਰਮਾ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਉੱਚ ਪੁਲਿਸ ਅਧਿਕਾਰੀਆਂ ਦੇ ਹੁਕਮਾਂ 'ਤੇ ਮੁਅੱਤਲ ਕੀਤਾ ਗਿਆ ਹੈ।
ਡੀ.ਐੱਸ.ਪੀ. ਨੇ ਸਪੱਸ਼ਟ ਕੀਤਾ ਕਿ ਐੱਸ.ਐੱਚ.ਓ. ਖ਼ਿਲਾਫ਼ ਕੀਤੀ ਗਈ ਇਹ ਕਾਰਵਾਈ ਕਿਸੇ ਪੁਰਾਣੇ ਮਾਮਲੇ ਨਾਲ ਸਬੰਧਤ ਹੈ। ਇਸ ਦਾ ਘਰਾਚੋਂ ਵਿੱਚ ਸੀ.ਬੀ.ਆਈ. ਟੀਮ ਦੇ ਪਹੁੰਚਣ ਸਮੇਂ ਹੋਈ ਫੁੱਲ ਬਰਸਾਉਣ ਦੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
OSD ਦੇ ਘਰ ਹੋਈ ਸੀ ਛਾਪੇਮਾਰੀ
ਉੱਧਰ, ਭਵਾਨੀਗੜ੍ਹ ਦੇ ਨੇੜਲੇ ਪਿੰਡ ਘਰਾਚੋਂ ਵਿੱਚ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਓ.ਐੱਸ.ਡੀ. ਦੇ ਘਰ ਛਾਪੇਮਾਰੀ ਕਰਨ ਪਹੁੰਚੀ ਸੀ.ਬੀ.ਆਈ. ਟੀਮ ਦੀ ਗੱਡੀ 'ਤੇ ਫੁੱਲਾਂ ਦੀ ਵਰਖਾ ਕਰਨ ਵਾਲੇ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।
ਬੁੱਧਵਾਰ ਸਵੇਰੇ ਸੰਗਰੂਰ ਪੁਲਿਸ ਅਤੇ ਸੀ.ਆਈ.ਏ. ਸਟਾਫ਼ ਦੀ ਸੰਯੁਕਤ ਟੀਮ ਨੇ ਸ਼੍ਰੋਮਣੀ ਅਕਾਲੀ ਦਲ (ਸੁਧਾਰ ਲਹਿਰ/ਪੁਨ:ਸੁਰਜੀਤ) ਦੇ ਹਲਕਾ ਦਿੜ੍ਹਬਾ ਇੰਚਾਰਜ ਵਿਜੇ ਲੰਕੇਸ਼ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ... ਦੇ ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ ਨੂੰ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ। ਜਿਨ੍ਹਾਂ ਨੂੰ ਦੁਪਹਿਰ ਇੱਕ ਵਜੇ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।