ਪਸ਼ੂਆਂ ਨਾਲ ਭਰੇ ਟੈਂਪੂ ਨੂੰ ਰੋਕ ਕੇ 5 ਵਿਅਕਤੀਆਂ ਦੀ ਕੁੱਟਮਾਰ ਪਸ਼ੂਆਂ ਨਾਲ ਭਰੇ ਟੈਂਪੂ ਨੂੰ ਰੋਕ ਕੇ 5 ਵਿਅਕਤੀਆਂ ਦੀ ਕੁੱਟਮਾਰ
Publish Date: Thu, 20 Aug 2026 07:02 PM (IST)
Updated Date: Fri, 21 Aug 2026 04:06 AM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ ਸਥਾਨਕ ਪਸ਼ੂ ਮੰਡੀ ਦੇ ਠੇਕੇਦਾਰਾਂ ਦੇ ਮੁਲਾਜ਼ਮਾਂ ’ਤੇ ਕਥਿਤ ਤੌਰ ’ਤੇ ਪਸ਼ੂਆਂ ਨਾਲ ਭਰੇ ਇੱਕ ਟੈਂਪੂ ਨੂੰ ਰੋਕ ਕੇ ਉਸ ਵਿੱਚ ਸਵਾਰ 5 ਵਿਅਕਤੀਆਂ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਘਟਨਾ ਦੌਰਾਨ ਪੱਥਰ ਅਤੇ ਰੋੜੇ ਚੱਲਣ ਕਾਰਨ ਇੱਕ ਵਿਅਕਤੀ ਦੇ ਸਿਰ ’ਤੇ ਸੱਟ ਲੱਗਣ ਦੀ ਗੱਲ ਸਾਹਮਣੇ ਆਈ ਹੈ, ਜਿਸ ਨੂੰ ਇਲਾਜ ਲਈ ਪਾਤੜਾਂ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਸ਼ਹਿਦਾਦ ਖਾਨ, ਆਸ ਮੁਹੰਮਦ ਅਤੇ ਮਹਿਬੂਬ ਖਾਨ ਨੇ ਦੱਸਿਆ ਕਿ ਉਹ ਦਿੜ੍ਹਬਾ ਇਲਾਕੇ ਵਿੱਚ ਘਰ-ਘਰ ਜਾ ਕੇ ਪਸ਼ੂ ਇਕੱਠੇ ਕਰਦੇ ਹਨ ਅਤੇ ਉਨ੍ਹਾਂ ਨੂੰ ਵੇਚਣ ਲਈ ਪਸ਼ੂ ਮੰਡੀ ਲੈ ਕੇ ਜਾਂਦੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਖਨੌਰੀ ਬਾਰਡਰ ’ਤੇ ਪਸ਼ੂ ਮੰਡੀ ਦੇ ਠੇਕੇਦਾਰਾਂ ਦੇ ਮੁਲਾਜ਼ਮ ਗੱਡੀਆਂ ਰੋਕ ਕੇ ਪ੍ਰਤੀ ਗੱਡੀ ਹਜ਼ਾਰਾਂ ਰੁਪਏ ਦੀ ਪਰਚੀ ਕੱਟਦੇ ਹਨ ਅਤੇ ਕਈ ਵਾਰ ਵਪਾਰੀਆਂ ਨਾਲ ਕਥਿਤ ਤੌਰ ’ਤੇ ਧੱਕੇਸ਼ਾਹੀ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਹ ਇੱਕ ਪਿਕਅਪ ਗੱਡੀ ਵਿੱਚ ਛੋਟੇ ਪਸ਼ੂ ਲੈ ਕੇ ਜਾ ਰਹੇ ਸਨ। ਇਸ ਦੌਰਾਨ ਕਥਿਤ ਤੌਰ ’ਤੇ ਉਨ੍ਹਾਂ ਦੀ ਗੱਡੀ ਰੋਕ ਲਈ ਗਈ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਪੀੜਤਾਂ ਨੇ ਦੋਸ਼ ਲਾਇਆ ਕਿ ਇਸ ਦੌਰਾਨ ਪੱਥਰ ਅਤੇ ਰੋੜੇ ਵੀ ਚਲਾਏ ਗਏ, ਜਿਸ ਕਾਰਨ ਇੱਕ ਵਿਅਕਤੀ ਦੇ ਸਿਰ ’ਤੇ ਗੰਭੀਰ ਸੱਟ ਲੱਗੀ। ਪੀੜਤ ਧਿਰ ਵੱਲੋਂ ਠੇਕੇਦਾਰਾਂ ਦੇ ਮੁਲਾਜ਼ਮਾਂ ’ਤੇ ਮੋਬਾਈਲ ਫੋਨ ਅਤੇ ਲਗਭਗ 50 ਹਜ਼ਾਰ ਰੁਪਏ ਖੋਹਣ ਦੇ ਵੀ ਦੋਸ਼ ਲਾਏ ਗਏ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ। ਘਟਨਾ ਤੋਂ ਬਾਅਦ ਪਸ਼ੂ ਵਪਾਰੀਆਂ ਵੱਲੋਂ ਕਥਿਤ ਰੋਸ ਵਜੋਂ ਨੈਸ਼ਨਲ ਹਾਈਵੇ ’ਤੇ ਵਾਹਨ ਰੋਕ ਦਿੱਤੇ ਗਏ, ਜਿਸ ਕਾਰਨ ਖਨੌਰੀ ਸ਼ਹਿਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਅਤੇ ਜਾਮ ਦੀ ਸਥਿਤੀ ਬਣ ਗਈ। ਇਸ ਦੌਰਾਨ ਮੌਕੇ ’ਤੇ ਮੌਜੂਦ ਪਸ਼ੂ ਮੰਡੀ ਦੇ ਮੁਲਾਜ਼ਮਾਂ ਦੇ ਉਥੋਂ ਚਲੇ ਜਾਣ ਦੀ ਵੀ ਗੱਲ ਸਾਹਮਣੇ ਆਈ। ਇਸ ਮਾਮਲੇ ਸਬੰਧੀ ਜਦੋਂ ਖਨੌਰੀ ਬਾਰਡਰ ’ਤੇ ਪਸ਼ੂ ਮੰਡੀ ਦੇ ਮੁਲਾਜ਼ਮ ਸੁਭਾਸ਼ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸਥਾਨਾਂ ’ਤੇ ਕਰੋੜਾਂ ਰੁਪਏ ਦੇ ਠੇਕੇ ਲਏ ਹੋਏ ਹਨ ਅਤੇ ਖਨੌਰੀ ਬਾਰਡਰ ’ਤੇ ਵੀ ਉਨ੍ਹਾਂ ਦਾ ਕਾਨੂੰਨੀ ਤੌਰ ’ਤੇ ਠੇਕਾ ਹੈ। ਉਨ੍ਹਾਂ ਪੀੜਤ ਧਿਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਬੰਧਤ ਵਿਅਕਤੀਆਂ ਵੱਲੋਂ ਗੱਡੀ ਦੀ ਪਰਚੀ ਨਹੀਂ ਕਟਵਾਈ ਗਈ ਸੀ ਅਤੇ ਬਾਅਦ ਵਿੱਚ ਉਨ੍ਹਾਂ ਨਾਲ ਲੜਾਈ-ਝਗੜਾ ਕੀਤਾ ਗਿਆ। ਇਸ ਸਬੰਧੀ ਪੁਲਿਸ ਚੌਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਲੜਾਈ-ਝਗੜੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕਰਨ ਲਈ ਪੁਲਿਸ ਮੁਲਾਜ਼ਮ ਭੇਜੇ ਗਏ ਸਨ, ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਬਿਆਨ ਦਰਜ ਨਹੀਂ ਕਰਵਾਇਆ ਗਿਆ।