- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ 11 ਏਕੜ ਪੱਕੀ ਫਸਲ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਪਿੰਡ ਲੇਹਲ ਕਲਾਂ ਵਿਖੇ ਖੇਤ ਵਿੱਚ ਪੱਕੇ ਝੋਨੇ ਨੂੰ ਅੱਗ ਲੱਗਣ ਕਾਰਨ ਕਰੀਬ 11 ਏਕੜ ਪੱਕੀ ਫਸਲ ਸੜ ਕੇ ਸੁਆਹ ਹੋ ਗਈ ਹੈ। ਜਿਸ ਕਾਰਨ ਦੋ ਕਿਸਾਨਾਂ ਦਾ 8-9 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਲਾਇਆ ਜਾ ਰਿਹਾ ਹੈ। ਇਸ ਸਬੰਧੀ ਪਿੰਡ ਲੇਹਲ ਕਲਾਂ ਦੇ ਸਰਪੰਚ ਗੁਰਜੀਤ ਸਿੰਘ ਫੌਜੀ, ਸਰਪੰਚ ਜਸਪਾਲ ਸਿੰਘ ਕਾਲਾ, ਸਬੰਧਤ ਪਟਵਾਰੀ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਪੀੜਤ ਪਰਿਵਾਰ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਪੀੜਤ ਹਰਪਾਲ ਗਿਰ ਉਰਫ ਕਾਲਾ ਮਹੰਤ ਲਹਿਲ ਕਲਾਂ ਨੇ ਦੱਸਿਆ ਕਿ ਮੇਰੀ 7 ਏਕੜ ਝੋਨੇ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਸੀ ਅਤੇ ਧਰਤੀ ਗਿੱਲੀ ਹੋਣ ਕਾਰਨ ਪਹਿਲਾਂ ਕਟਾਈ ਨਹੀਂ ਹੋ ਸਕੀ, ਹੁਣ ਧਰਤੀ ਸੁੱਕ ਗਈ ਸੀ ਅਤੇ ਦੀਵਾਲੀ ਤੋਂ ਅਗਲੇ ਦਿਨ ਝੋਨੇ ਦੀ ਕਟਾਈ ਕਰਨੀ ਸੀ, ਪ੍ਰੰਤੂ ਅੱਜ ਕਿਸੇ ਕਾਰਨ ਇਹ ਅੱਗ ਲੱਗ ਗਈ ਜਿਸ ਕਾਰਨ ਮੇਰੀ 100 ਫੀਸਦੀ ਝੋਨੇ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਬੱਲਰਾਂ ਦੇ ਕਿਸਾਨ ਅਵਤਾਰ ਸਿੰਘ ਨੇ ਵੀ ਦੱਸਿਆ ਕਿ ਮੇਰੀ 4 ਕਿੱਲੇ ਦੀ ਫਸਲ ਠੇਕੇ ’ਤੇ ਲੈ ਕੇ ਬਿਜਾਈ ਕੀਤੀ ਹੋਈ ਸੀ। ਜਿਸ ਵਿੱਚੋਂ ਮੈਨੂੰ ਲੱਗਦਾ ਸੀ ਕਿ ਇਸ ਵਾਰ ਤਿੰਨ ਲੱਖ ਰੁਪਏ ਤੋਂ ਉੱਪਰ ਦੀ ਫਸਲ ਹੋਵੇਗੀ ਤੇ ਮੈਂ ਆਰਥਿਕ ਪੱਖੋਂ ਕੁਝ ਹੌਲਾ ਹੋ ਜਾਵਾਂਗਾ,ਪ੍ਰੰਤੂ ਇਹ ਫਸਲ ਮੱਚ ਜਾਣ ਕਾਰਨ ਹੁਣ ਮੇਰਾ ਗੁਜ਼ਾਰਾ ਹੋਣਾ ਵੀ ਮੁਸ਼ਕਲ ਹੈ। ਇਸ ਵਾਰੇ ਮੌਕੇ ’ਤੇ ਮੌਜੂਦ ਪਟਵਾਰੀ ਨੇ ਕਿਹਾ, ਕਿ ਸਾਡੇ ਵੱਲੋਂ ਰਿਪੋਰਟ ਬਣਾ ਕੇ ਭੇਜ ਦਿੱਤੀ ਜਾਵੇਗੀ ਤਾਂ ਜੋ ਪੀੜਤਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਮਿਲ ਸਕੇ। ਮੌਕੇ ’ਤੇ ਹਾਜ਼ਰ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਫੌਜੀ, ਮੈਂਬਰ ਜਗਸੀਰ ਸਿੰਘ ਜੱਗਾ ਜੈਲਦਾਰ, ਸਤਗੁਰ ਭੱਠੇ ਵਾਲਾ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਮੰਗ ਕਰਦਿਆਂ ਕਿਹਾ ਹੈ, ਕਿ ਦੋਵੇਂ ਪਰਿਵਾਰ ਅਤੀ ਗਰੀਬ ਹਨ ਇਹਨਾਂ ਨੂੰ ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤਾਂ ਇਹ ਆਪਣੇ ਸਿਰੋਂ ਚੜ੍ਹੇ ਕਰਜ਼ੇ ਦੀ ਭਾਰ ਨੂੰ ਕੁਝ ਹੌਲਾ ਕਰ ਸਕਣ ਅਤੇ ਛੇ ਮਹੀਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਸਕਣ।