ਨਿਖਿਲ ਕੌਸ਼ਲ ਨੂੰ 'ਰਤਨ ਪੰਜਾਬ ਦੇ' ਅਵਾਰਡ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਸਨਮਾਨਿਤ ਨਿਖਿਲ ਕੌਸ਼ਲ ਨੂੰ 'ਰਤਨ ਪੰਜਾਬ ਦੇ' ਅਵਾਰਡ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਸਨਮਾਨਿਤ
Publish Date: Wed, 30 Sep 2026 06:08 PM (IST)
Updated Date: Thu, 01 Oct 2026 04:01 AM (IST)
- ਜਾਗਰਣ ਗਰੁੱਪ ਦੇ ਰਾਜ ਪੱਧਰੀ ਸਮਾਗਮ ’ਚ ਚੰਡੀਗੜ੍ਹ ਵਿਖੇ ਹੋਇਆ ਸਨਮਾਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਕਰੋਨਾ ਮਹਾਂਮਾਰੀ ਵਰਗੇ ਭਿਆਨਕ ਦੌਰ ਦੌਰਾਨ ਆਪਣੀ ਸਰਕਾਰੀ ਨੌਕਰੀ ਦੇ ਨਾਲ-ਨਾਲ ਸਮਾਜ ਸੇਵਾ ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਤੇ ਲੋੜਵੰਦਾਂ ਨੂੰ ਰਾਸ਼ਨ ਵੰਡ ਕੇ ਹਰ ਵਰਗ ਦੀ ਮੱਦਦ ਕਰਨ ਵਾਲੇ ਸਮਾਜ ਸੇਵੀ ਨਿਖਿਲ ਕੌਸ਼ਲ ਨੂੰ ਪੰਜਾਬੀ ਜਾਗਰਣ ਵੱਲੋਂ ਰਾਜ ਪੱਧਰੀ ਚੰਡੀਗੜ੍ਹ ਵਿਖੇ ਹੋਏ ਸਮਾਗਮ ’ਚ ਰਤਨ ਪੰਜਾਬ ਦੇ ਅਵਾਰਡ ਨਾਲ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜਾਗਰਣ ਗਰੁੱਪ ਦੇ ਚੀਫ਼ ਜਰਨਲ ਮੈਨੇਜਰ ਮਹਿੰਦਰ ਜੀ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਆਪਣੀ ਸਰਵਿਸ ਦੌਰਾਨ ਨਿਖਿਲ ਕੌਸ਼ਲ ਨੇ ਨਗਰ ਪੰਚਾਇਤ ਦਿੜਬਾ ਤੇ ਹੰਡਿਆਇਆ ਤੋਂ ਇਲਾਵਾ ਨਗਰ ਕੌਂਸਲ ਸੰਗਰੂਰ, ਧੂਰੀ, ਧਨੌਲਾ, ਭਦੌੜ, ਤਪਾ, ਬਰਨਾਲਾ, ਜਗਰਾਉਂ, ਮੁੱਲਾਪੁਰ ਦਾਖਾ, ਰਾਏਕੋਟ ਅਤੇ ਨਾਭਾ ਵਿਖੇ ਆਪਣੀਆਂ ਬਹਿਤਰੀਨ ਸੇਵਾਵਾਂ ਦਿੱਤੀਆਂ। ਇਸ ਵੇਲੇ ਉਹ ਨਗਰ ਨਿਗਮ ਬਰਨਾਲਾ ਵਿਖੇ ਜੂਨੀਅਰ ਇੰਜੀਨੀਅਰ ਵਜੋਂ ਤਾਇਨਾਤ ਹਨ। ਨਿਖਿਲ ਕੌਸ਼ਲ ਬਰਨਾਲਾ ਵਿਖੇ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਨੂੰ ਪਹਿਲ ਦਿੰਦੇ ਹਨ। ਸਰਕਾਰੀ ਡਿਊਟੀ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਕਾਸਮੁਖੀ ਸੋਚ ਨਾਲ ਹਮੇਸ਼ਾ ਇਲਾਕੇ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਦੀਆਂ ਇਨ੍ਹਾਂ ਬੇਮਿਸਾਲ ਸਮਾਜਿਕ ਅਤੇ ਪ੍ਰਸ਼ਾਸਨਿਕ ਸੇਵਾਵਾਂ ਨੂੰ ਦੇਖਦਿਆਂ ਹੀ ਅਦਾਰਾ ਪੰਜਾਬੀ ਜਾਗਰਣ ਵੱਲੋਂ ਇਹ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਮਿਲਣ ’ਤੇ ਸਥਾਨਕ ਸਰਕਾਰਾਂ ਦੇ ਉੰਚ ਅਧਿਕਾਰੀਆਂ ਸਣੇ ਬਰਨਾਲਾ ਨਗਰ ਨਿਗਮ ਦੇ ਕਾਮੇ ਤੇ ਅਧਿਕਾਰੀ ਹੀ ਨਹੀਂ ਬਲਕਿ ਸੰਗਰੂਰ, ਮਾਲੇਰਕੋਟਲਾ ਲੁਧਿਆਣਾ ਆਦਿ ਜਿਲ੍ਹਿਆਂ ’ਚੋਂ ਵੀ ਉਨ੍ਹਾਂ ਨੂੰ ਮੁਬਾਰਕਵਾਦ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਨਗਰ ਨਿਗਮ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਐਵਾਰਡ ਮਿਲਣ ’ਤੇ ਜੇਈ ਨਿਖਿਲ ਕੌਸ਼ਲ ਨੇ ਅਦਾਰਾ ਪੰਜਾਬੀ ਜਾਗਰਣ ਦਾ ਧੰਨਵਾਦ ਕੀਤਾ ਹੈ।