- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿੱਤ ਮੰਤਰੀ ਚੀਮਾ ਵੱਲੋਂ 9 ਕਰੋੜ ਦੇ 5 ਸੜਕੀ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਲਾਡਬੰਜਾਰਾ ਅਤੇ ਤੂਰਬੰਜਾਰਾ ਵਿਖੇ ਕਰੀਬ 09 ਕਰੋੜ 15 ਲੱਖ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪੰਜ ਸੜਕੀ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਮੁੱਖ ਤਰਜੀਹ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਸਿਰਫ਼ ਆਵਾਜਾਈ ਦਾ ਸਾਧਨ ਨਹੀਂ ਹਨ, ਸਗੋਂ ਇਹ ਪੇਂਡੂ ਆਰਥਿਕਤਾ ਦੀ ਮਜ਼ਬੂਤੀ ਨਾਲ ਸਿੱਧੇ ਤੌਰ ’ਤੇ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਿਹਤਰ ਸੜਕੀ ਸੰਪਰਕ ਨਾਲ ਜਿੱਥੇ ਕਿਸਾਨਾਂ ਨੂੰ ਆਪਣੀ ਖੇਤੀ ਉਪਜ ਮੰਡੀਆਂ ਤੱਕ ਪਹੁੰਚਾਉਣ ਵਿੱਚ ਸਹੂਲਤ ਮਿਲਦੀ ਹੈ, ਉੱਥੇ ਹੀ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਆਮ ਲੋਕਾਂ ਲਈ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਹੋਰ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵੀ ਸੁਖਾਲੀ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਲਾਡਬੰਜਾਰਾ ਕਲਾਂ ਵਿਖੇ 5 ਕਰੋੜ 22 ਲੱਖ 64 ਹਜ਼ਾਰ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿੰਨ ਸੜਕੀ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਲਾਡਬੰਜਾਰਾ ਤੋਂ ਸ਼ਾਦੀਹਰੀ ਤੱਕ 3.75 ਕਿਲੋਮੀਟਰ ਸੜਕ ਦਾ ਕੰਮ 148.41 ਲੱਖ ਰੁਪਏ, ਲਾਡਬੰਜਾਰਾ ਤੋਂ ਨਿਹਾਲਗੜ੍ਹ ਤੱਕ 2.40 ਕਿਲੋਮੀਟਰ ਸੜਕ ਦਾ ਕੰਮ 123.80 ਲੱਖ ਰੁਪਏ ਅਤੇ ਲਾਡਬੰਜਾਰਾ ਤੋਂ ਖੇਤਲਾ ਤੱਕ 4 ਕਿਲੋਮੀਟਰ ਸੜਕ ਦਾ ਕੰਮ 250.43 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਤੂਰਬੰਜਾਰਾ ਵਿਖੇ 3 ਕਰੋੜ 92 ਲੱਖ 65 ਹਜ਼ਾਰ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਦੋ ਸੜਕੀ ਪ੍ਰੋਜੈਕਟ ਲੋਕਾਂ ਨੰਕ ਸਮਰਪਿਤ ਕੀਤੇ ਗਏ। ਇਨ੍ਹਾਂ ਵਿੱਚ ਤੂਰਬੰਜਾਰਾ ਤੋਂ ਦਿੜ੍ਹਬਾ ਤੱਕ 2.80 ਕਿਲੋਮੀਟਰ ਸੜਕ 168.47 ਲੱਖ ਰੁਪਏ ਅਤੇ ਤੂਰਬੰਜਾਰਾ ਤੋਂ ਗੁੱਜਰਾਂ ਤੱਕ 4 ਕਿਲੋਮੀਟਰ ਸੜਕ 224.18 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਸੜਕੀ ਪ੍ਰੋਜੈਕਟਾਂ ਨਾਲ ਕਰੀਬ 16.95 ਕਿਲੋਮੀਟਰ ਸੜਕੀ ਨੈੱਟਵਰਕ ਮਜ਼ਬੂਤ ਹੋਇਆ ਹੈ, ਜਿਸ ਨਾਲ ਇਲਾਕੇ ਦੇ ਪਿੰਡਾਂ ਵਿਚਕਾਰ ਸੰਪਰਕ ਹੋਰ ਬਿਹਤਰ ਹੋਵੇਗਾ ਅਤੇ ਹਜ਼ਾਰਾਂ ਵਸਨੀਕਾਂ ਨੂੰ ਰੋਜ਼ਾਨਾ ਆਵਾਜਾਈ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਵਿਕਾਸ ਨੀਤੀ ਦੇ ਕੇਂਦਰ ਵਿੱਚ ਆਮ ਲੋਕ ਹਨ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਇਸ ਮੌਕੇ ਓਐਸਡੀ ਦਪਿੰਦਰ ਸਿੰਘ ਸੋਹੀ ਨਗਰ ਸਰਦਾਰ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਸਰਪੰਚ ਰਵਿੰਦਰ ਸਿੰਘ ਮਾਨ, ਚੇਅਰ ਪਰਸਨ ਬਲਾਕ ਸੰਮਤੀ ਦਿੜਬਾ ਮਨਜੀਤ ਕੌਰ, ਸਰਪੰਚ ਪਰਮਜੀਤ ਕੌਰ, ਸਰਪੰਚ ਬਲਜਿੰਦਰ ਕੌਰ ਤੂਰਬੰਜਾਰਾ ਹਾਜ਼ਰ ਸਨ।