- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰਗੜ੍ਹ ਕਾਂਗਰਸ ਵਿਚ ਭਖਿਆ ਘਮਸਾਨ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਦਮਗੜ੍ਹ : ਅਮਰਗੜ੍ਹ ਹਲਕੇ ਦੀ ਸਿਆਸਤ ਵਿਚ ਇਸ ਸਮੇਂ ਤੂਫ਼ਾਨ ਉੱਠ ਖੜ੍ਹਾ ਹੋਇਆ ਹੈ ਜਦੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਬਿਆਨ ਤੋਂ ਭੜਕੇ ਕਾਂਗਰਸੀ ਆਗੂ ਸਮਿਤ ਸਿੰਘ ਮਾਨ ਅਤੇ ਹਲਕੇ ਦੇ ਸਥਾਨਕ ਆਗੂਆਂ ਵਿਚਕਾਰ ਪਿਆ ਪਾੜਾ ਹੁਣ ਖੁੱਲ੍ਹ ਕੇ ਸੜਕਾਂ ਅਤੇ ਸੋਸ਼ਲ ਮੀਡੀਆ ’ਤੇ ਆ ਗਿਆ। ਹਲਕੇ ਦੇ ਅਹੁਦੇਦਾਰਾਂ ਅਤੇ ਬਲਾਕ ਪ੍ਰਧਾਨਾਂ ਨੇ ਸਪੱਸ਼ਟ ਸ਼ਬਦਾਂ ਵਿਚ ਐਲਾਨ ਕਰ ਦਿੱਤਾ ਹੈ ਕਿ ਉਹ ਸਮਿਤ ਮਾਨ ਨੂੰ ਕਦੇ ਵੀ ਹਲਕਾ ਇੰਚਾਰਜ ਵਜੋਂ ਪ੍ਰਵਾਨ ਨਹੀਂ ਕਰਨਗੇ।ਵਿਵਾਦ ਦੀ ਅੱਗ ਉਦੋਂ ਭੜਕੀ ਜਦੋਂ ਸੰਸਦ ਮੈਂਬਰ ਡਾ. ਅਮਰ ਸਿੰਘ ਵੱਲੋਂ ਅਮਰਗੜ੍ਹ ਹਲਕੇ ਵਿਚ ਕਿਸੇ ਵੀ ਅਧਿਕਾਰਤ ਇੰਚਾਰਜ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਗਿਆ।
ਇਸ ਬਿਆਨ ਤੋਂ ਖਫ਼ਾ ਹੋ ਕੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਰਹੇ ਸਮਿਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਡਾ. ਅਮਰ ਸਿੰਘ ਖ਼ਿਲਾਫ਼ ਤਿੱਖੀ ਸ਼ਬਦਾਵਲੀ ਵਰਤਦਿਆਂ ਇੱਕ ਵੀਡੀਓ ਜਾਰੀ ਕਰ ਦਿੱਤੀ। ਇਸ ਵੀਡੀਓ ਦੇ ਸਾਹਮਣੇ ਆਉਂਦਿਆਂ ਹੀ ਕਾਂਗਰਸੀ ਖ਼ੇਮੇ ਵਿਚ ਭੂਚਾਲ ਆ ਗਿਆ ਅਤੇ ਆਗੂਆਂ ਦਾ ਗੁੱਸਾ ਫੁੱਟ ਪਿਆ। ਜ਼ਿਲਾ ਵਾਈਸ ਪ੍ਰਧਾਨ ਸਰਪੰਚ ਹਾਜੀ ਸਗੀਰ ਮੁਹੰਮਦ ਦਹਿਲੀਜ਼, ਯੂਥ ਆਗੂ ਪ੍ਰੀਤਪਾਲ ਸਿੰਘ ਰੂਬਲ ਨਾਰੀਕੇ, ਬਲਾਕ ਪ੍ਰਧਾਨ ਰੁਪਿੰਦਰ ਪਿੰਦੂ, ਬਲਾਕ ਪ੍ਰਧਾਨ ਨਿਰਮਲਜੀਤ ਸਿੰਘ ਜ਼ਿਲ੍ਹਾ ਪਰਿਸ਼ਦ ਮੈਂਬਰ ਸਮੇਤ ਹਲਕੇ ਦੇ ਸਮੂਹ ਕਾਂਗਰਸੀ ਆਗੂਆਂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਸਮਿਤ ਮਾਨ ਦੀ ਕਾਰਜਸ਼ੈਲੀ ਉੱਤੇ ਸਵਾਲਾਂ ਦੇ ਤਿੱਖੇ ਤੀਰ ਛੱਡੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਲੰਬੇ ਅਰਸੇ ਦੌਰਾਨ ਸਮਿਤ ਮਾਨ ਨੇ ਕਾਂਗਰਸੀ ਵਰਕਰਾਂ ਦੀ ਸਾਰ ਤੱਕ ਨਹੀਂ ਲਈ ਅਤੇ ਨਾ ਹੀ ਕਦੇ ਪਾਰਟੀ ਦੇ ਕਿਸੇ ਸਮਾਗਮ ਵਿਚ ਹਾਜ਼ਰੀ ਭਰੀ। ਉਨ੍ਹਾਂ ਤੰਜ ਕੱਸਦਿਆਂ ਆਖਿਆ ਕਿ ਜੇਕਰ ਉਹ ਕਦੇ ਹਲਕੇ ਵਿਚ ਦਿਖਾਈ ਵੀ ਦਿੱਤੇ, ਤਾਂ ਉਹ ਸਿਰਫ਼ ਫੋਟੋ ਸੈਸ਼ਨ ਕਰਵਾਉਣ ਅਤੇ ਸੋਸ਼ਲ ਮੀਡੀਆ ’ਤੇ ਆਪਣੀ ਚਮਕ ਬਣਾਉਣ ਤੱਕ ਹੀ ਸੀਮਤ ਰਹੇ, ਜਦਕਿ ਜ਼ਮੀਨੀ ਪੱਧਰ 'ਤੇ ਵਰਕਰ ਪੂਰੀ ਤਰ੍ਹਾਂ ਅਲਹਿਦਾ ਅਤੇ ਹਾਸ਼ੀਏ 'ਤੇ ਮਹਿਸੂਸ ਕਰਦੇ ਰਹੇ।
ਆਗੂਆਂ ਨੇ ਦੁੱਖ ਜ਼ਾਹਰ ਕੀਤਾ ਕਿ ਸਮਿਤ ਮਾਨ ਦੀ ਇਸ ਬੇਰੁਖ਼ੀ ਅਤੇ ਹਲਕੇ ਨੂੰ ਲਾਵਾਰਸ ਛੱਡਣ ਦੀ ਨੀਤੀ ਕਾਰਨ ਪੰਚਾਇਤੀ, ਨਗਰ ਪੰਚਾਇਤ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਖ਼ਮਿਆਜ਼ਾ ਭੁਗਤਣਾ ਪਿਆ ਅਤੇ ਪਾਰਟੀ ਬੈਕਫੁੱਟ ਤੇ ਚਲੀ ਗਈ। ਜਿਹੜੀਆਂ ਕੁਝ ਸੀਟਾਂ ’ਤੇ ਪਾਰਟੀ ਦੀ ਜਿੱਤ ਹੋਈ ਵੀ, ਉਹ ਕੇਵਲ ਸਥਾਨਕ ਵਰਕਰਾਂ ਅਤੇ ਆਗੂਆਂ ਦੇ ਆਪਣੇ ਬਲਬੂਤੇ ਤੇ ਸੰਭਵ ਹੋਈ, ਜਿਨ੍ਹਾਂ ਦਾ ਸਿਹਰਾ ਮਾਨ ਸਾਹਿਬ ਫੋਟੋਆਂ ਖਿਚਵਾ ਕੇ ਆਪਣੇ ਸਿਰ ਬੰਨ੍ਹਦੇ ਰਹੇ। ਕਾਂਗਰਸੀ ਆਗੂਆਂ ਨੇ ਬੜੇ ਕਰੜੇ ਲਫ਼ਜ਼ਾਂ ਵਿਚ ਆਖਿਆ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਚੋਣ ਮੁਹਿੰਮ ਦੌਰਾਨ ਵੀ ਸਮਿਤ ਮਾਨ ਕਿਤੇ ਨਜ਼ਰ ਨਹੀਂ ਆਏ ਅਤੇ ਹੁਣ ਡਾ. ਅਮਰ ਸਿੰਘ ਖ਼ਿਲਾਫ਼ ਅਪਸ਼ਬਦ ਬੋਲ ਕੇ ਉਨ੍ਹਾਂ ਨੇ ਆਪਣੀ ਨੀਵੀਂ ਸੋਚ ਦਾ ਪ੍ਰਮਾਣ ਦਿੱਤਾ ਹੈ। ਇਸ ਘਟਨਾਕ੍ਰਮ ਨੇ ਅਮਰਗੜ੍ਹ ਕਾਂਗਰਸ ਦੀ ਅੰਦਰੂਨੀ ਫੁੱਟ ਨੂੰ ਜੱਗ-ਜ਼ਾਹਰ ਕਰ ਦਿੱਤਾ ਹੈ, ਜਿੱਥੇ ਹੁਣ ਵਰਕਰਾਂ ਨੇ ਆਪਣੀ ਲੀਡਰਸ਼ਿਪ ਖ਼ਿਲਾਫ਼ ਮੋਰਚਾ ਖੋਲ੍ਹ ਕੇ ਆਉਣ ਵਾਲੇ ਸਮੇਂ ਲਈ ਸਿਆਸੀ ਹਲਚਲ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਇਸ ਮੌਕੇ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ ਸਾਬਕਾ ਚੇਅਰਮੈਨ, ਰੁਪਿੰਦਰ ਸਿੰਘ ਪਿੰਦੂ ਬਲਾਕ ਪ੍ਰਧਾਨ ਅਹਿਮਦਗੜ੍ਹ ਦਿਹਾਤੀ, ਪ੍ਰੀਤਪਾਲ ਸਿੰਘ ਰੂਬਲ ਨਾਰੀਕੇ ਯੂਥ ਕਾਂਗਰਸ ਜਨਰਲ ਸੱਕਤਰ, ਤਜਿੰਦਰ ਸਿੰਘ ਬਬਲੂ ਪ੍ਰਧਾਨ ਯੂਥ ਕਾਂਗਰਸ ਅਮਰਗੜ੍ਹ, ਨਿਰਮਲਜੀਤ ਸਿੰਘ ਢੀਂਡਸਾ ਬਲਾਕ ਪ੍ਰਧਾਨ ਅਮਰਗੜ੍ਹ, ਕਮਲ ਕੰਗਣਵਾਲ ਜਿਲਾ ਕਮੇਟੀ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ (ਐਸ ਸੀ) ਡਿਪਾਰਟਮੇਂਟ, ਪ੍ਰਿੰਸ ਜੋਸ਼ੀ ਵਾਈਸ ਪ੍ਰਧਾਨ ਅਮਰਗੜ੍ਹ ਕੌਂਸਲ, ਵਿਕਾਸ ਟੰਡਨ ਵਿੱਕੀ ਐਮ ਸੀ (ਸਾਬਕਾ ਪ੍ਰਧਾਨ ਨਗਰ ਕੌਂਸਲਰ ਅਹਿਮਦਗੜ੍ਹ), ਕਮਿਕਰ ਰਾਮ ਐਮ ਸੀ ਅਹਿਮਦਗੜ੍ਹ, ਸੰਦੀਪ ਬੱਧਣ ਐਮ ਸੀ ਅਹਿਮਦਗੜ੍ਹ, ਰਾਕੇਸ਼ ਸ਼ਾਹੀ ਸਾਬਕਾ ਐਮ ਸੀ ਅਹਿਮਦਗੜ੍ਹ, ਜਗਦੇਵ ਸਿੰਘ ਸਾਬਕਾ ਸਰਪੰਚ , ਹਰਪ੍ਰੀਤ ਸਿੰਘ ਪੰਚਾਇਤ ਮੈਂਬਰ ਬਾਗੜੀਆਂ।