ਫਾਸ਼ੀਵਾਦ ਵਿਰੋਧੀ ਸੈਮੀਨਾਰ 31 ਮਾਰਚ ਨੂੰ ਕੀਤਾ ਜਾਵੇਗਾ : ਰੈੱਡ ਸਟਾਰ
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫਾਸ਼ੀਵਾਦ ਵਿਰੋਧੀ ਸੈਮੀਨਾਰ 31 ਮਾਰਚ ਨੂੰ ਕੀਤਾ ਜਾਵੇਗਾ - ਰੈੱਡ ਸਟਾਰ
Publish Date: Fri, 27 Mar 2026 05:15 PM (IST)
Updated Date: Sat, 28 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਸਰਗਰਮ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਵਿਖੇ ਕੀਤੀ ਗਈ। ਮੀਟਿੰਗ ’ਚ ਕੀਤੇ ਗਏ ਫ਼ੈਸਲੇ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਸ਼ਹੀਦ -ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 31 ਮਾਰਚ ਨੂੰ ਦਿਨੇ 11.00 ਵਜੇ ਇੱਕ ਸੈਮੀਨਾਰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸਦਾ ਵਿਸ਼ਾ ਹੈ, ਸੰਘੀ ਮਨੂੰਵਾਦ- ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਖੱਬੇ - ਪੱਖੀਆਂ ਦੀ ਭੂਮਿਕਾ। ਵੱਖ ਵੱਖ ਆਗੂਆਂ ਨੇ ਮੀਟਿੰਗ ’ਚ ਚਰਚਾ ਕਰਦਿਆਂ ਦੱਸਿਆ ਕਿ ਕਾਮਰੇਡ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਆਰ ਐਮ ਪੀ ਆਈ, ਕਾਮਰੇਡ ਤੁਹਿਨ ਦੇਵ ਪੋਲਿਟ ਬਿਓਰੋ ਮੈਂਬਰ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਅਤੇ ਕਾਮਰੇਡ ਮੁਖਤਿਆਰ ਪੂਹਲਾ ਸੀਨੀਅਰ ਆਗੂ ਇਨਕਲਾਬੀ ਕੇਂਦਰ ਪੰਜਾਬ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਵਜੋਂ ਪਹੁੰਚ ਰਹੇ ਹਨ। ਮੀਟਿੰਗ ’ਚ ਸੈਮੀਨਾਰ ਦੀ ਤਿਆਰੀ ਸਬੰਧੀ ਚਰਚਾ ਕੀਤੀ ਗਈ। ਆਗੂਆਂ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਲਗਾਤਾਰ ਖੋਖਲਾ ਕਰ ਰਹੀ ਹੈ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਆਪਣੇ ਉਦੇਸ਼ ਵੱਲ ਅੱਗੇ ਵਧ ਰਹੀ ਹੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਉਲਟ ਅਨੇਕਾਂ ਸੋਧਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਸੰਵਿਧਾਨਕ ਧਰਮ ਨਿਰਪੱਖਤਾ ਦੇ ਚਰਿੱਤਰ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਖ਼ਤਰੇ ’ਚ ਪੈ ਗਈ ਹੈ। ਆਗੂਆਂ ਨੇ ਸੁਪਰੀਮ ਕੋਰਟ ਦੇ ਕੱਲ ਦੇ ਉਸ ਫ਼ੈਸਲੇ ਉੱਪਰ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ ਗਈ ਹੈ, ਕਿ ਆਪਣਾ ਧਰਮ ਪ੍ਰੀਵਰਤਨ ਕਰਕੇ ਈਸਾਈ ਅਤੇ ਮੁਸਲਿਮ ਧਰਮ ’ਚ ਸ਼ਾਮਲ ਹੋਣ ਵਾਲੇ ਅਨੂਸੂਚਿਤ ਜਾਤੀਆਂ ਦੇ ਲੋਕਾਂ ਦਾ ਐਸ ਸੀ ਜਾਤੀ ਦਾ ਦਰਜ਼ਾ ਖ਼ਤਮ ਹੋ ਜਾਵੇਗਾ ਅਤੇ ਉਹਨਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵੀ ਖ਼ਤਮ ਕਰ ਦਿੱਤੀਆਂ ਜਾਣਗੀਆਂ। ਆਗੂਆਂ ਨੇ ਸਪੱਸ਼ਟ ਕਿਹਾ ਕਿ ਦੇਸ਼ ਦੇ ਬਹੁਗਿਣਤੀ ਸ਼ੋਸ਼ਿਤ ਅਤੇ ਦੱਬੇ ਕੁੱਚਲੇ ਲੋਕ ਹਜ਼ਾਰਾਂ ਸਾਲਾਂ ਤੋਂ ਬੇਰਹਿਮ ਬ੍ਰਾਹਮਣਵਾਦੀ ਜਾਤੀ-ਵਿਵਸਥਾ ਦੇ ਜ਼ੁਲਮਾਂ ਦਾ ਸ਼ਿਕਾਰ ਬਣੇ ਹੋਏ ਹਨ ਅਤੇ ਧਰਮ ਪ੍ਰੀਵਰਤਨ ਤੋਂ ਬਾਅਦ ਵੀ ਉਹ ਲੋਕ ਇਸ ਵਿਤਕਰੇ ਦਾ ਸ਼ਿਕਾਰ ਹਨ। ਇਹਨਾਂ ਅਨੂਸੂਚਿਤ ਜਾਤੀਆਂ ਦੇ ਲੋਕਾਂ ਤੋਂ ਇਹ ਹੱਕ ਖੋ ਲੈਣੇ ਸਮਾਜਿਕ ਨਿਆਂ ਦੀ ਉਲੰਘਣਾ ਹੋਵੇਗੀ, ਅਸਲ ਵਿੱਚ ਮੋਦੀ ਸਰਕਾਰ ਦਾ ਇਹ ਇੱਕ ਫਾਸ਼ੀਵਾਦੀ ਕਦਮ ਹੈ, ਜਿਸਦਾ ਵਿਰੋਧ ਕੀਤਾ ਜਾਣਾ ਚਾਹੀਦਾ ਅਤੇ ਵੱਡੇ ਪੱਧਰ ਤੇ ਇਹਨਾਂ ਨੀਤੀਆਂ ਦੇ ਖ਼ਿਲਾਫ਼ ਫਾਸ਼ੀਵਾਦੀ ਲਹਿਰ ਉਸਾਰਨੀ ਚਾਹੀਦੀ ਹੈ। ਆਗੂਆਂ ਨੇ ਸਾਰੀਆਂ ਖੱਬੇ ਪੱਖੀ ਅਤੇ ਜਨਤਕ ਜਮਹੂਰੀ ਸ਼ਕਤੀਆਂ, ਬੁੱਧੀਜੀਵੀਆਂ ਅਤੇ ਅੰਬੇਡਕਰਵਾਦੀਆਂ ਨੂੰ ਵੀ ਸੈਮੀਨਾਰ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਮੀਟਿੰਗ ਵਿੱਚ ਮੇਵਾ ਸਿੰਘ ਹੰਢਿਆਇਆ, ਅੰਤਰਜਾਮੀ ਸਿੰਘ,ਬੱਗੜ ਸਿੰਘ ਰੂੜੇਕੇ ਕਲਾਂ ਅਤੇ ਕਰਮਜੀਤ ਸਿੰਘ ਪੀਰਕੋਟ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।