ਬਿਜਲੀ ਸਪਲਾਈ ਤੋਂ ਅੱਕੇ ਅੱਠ ਪਿੰਡਾਂ ਦੇ ਲੋਕਾਂ ਨੇ ਲਾਇਆ ਧਰਨਾ ਬਿਜਲੀ ਸਪਲਾਈ ਤੋਂ ਅੱਕੇ ਅੱਠ ਪਿੰਡਾਂ ਦੇ ਲੋਕਾਂ ਨੇ ਲਾਇਆ ਧਰਨਾ
Publish Date: Thu, 27 Aug 2026 04:35 PM (IST)
Updated Date: Fri, 28 Aug 2026 04:01 AM (IST)
ਸੱਤਪਾਲ ਕਾਲਾਬੂਲਾ/ ਲਾਡੇਵਾਲ, ਪੰਜਾਬੀ ਜਾਗਰਣ, ਮਾਲੇਰਕੋਟਲਾ ਮਾਲੇਰਕੋਟਲਾ-ਅਹਿਮਦਗੜ੍ਹ ਸੜਕ ’ਤੇ ਪੈਂਦੇ ਪਿੰਡ ਕੁੱਪ ਕਲਾਂ ਅਤੇ ਇਸ ਦੇ ਆਸ-ਪਾਸ ਦੇ ਕਰੀਬ ਅੱਠ ਪਿੰਡਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ ਦੀ ਮਾੜੀ ਵਿਵਸਥਾ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲਗਾਤਾਰ ਵੱਧ ਰਹੀ ਗਰਮੀ ਅਤੇ ਹੁੰਮਸ ਦੇ ਬਾਵਜੂਦ ਬਿਜਲੀ ਦੀ ਸਪਲਾਈ ਸੁਚਾਰੂ ਨਾ ਹੋਣ ਕਾਰਨ ਅੱਕੇ ਲੋਕਾਂ ਨੇ ਵੀਰਵਾਰ ਨੂੰ ਇਕੱਠੇ ਹੋ ਕੇ ਮਲੇਰਕੋਟਲਾ-ਲੁਧਿਆਣਾ ਰੋਡ ’ਤੇ ਜੈਨ ਭਵਨ ਨੇੜੇ ਧਰਨਾ ਲਾ ਦਿੱਤਾ ਅਤੇ ਆਵਾਜਾਈ ਠੱਪ ਕਰ ਦਿੱਤੀ। ਧਰਨਾਕਾਰੀਆਂ ਦੀ ਅਗਵਾਈ ਕਾਂਗਰਸੀ ਆਗੂ ਸਮਿਤ ਮਾਨ ਨੇ ਕੀਤੀ। ਲੋਕਾਂ ਨੇ ਦੱਸਿਆ ਕਿ ਬਿਜਲੀ ਦੀ ਵਾਰ-ਵਾਰ ਖਰਾਬੀ ਅਤੇ ਲੰਬੇ ਸਮੇਂ ਤੱਕ ਸਪਲਾਈ ਪ੍ਰਭਾਵਿਤ ਰਹਿਣ ਕਾਰਨ ਘਰਾਂ ਵਿੱਚ ਲੱਗੇ ਪੱਖੇ, ਕੂਲਰ, ਏਸੀ ਅਤੇ ਫਰਿੱਜ ਆਦਿ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਬੰਦ ਰਹਿੰਦੇ ਹਨ। ਇਸ ਕਾਰਨ ਗਰਮੀ ਅਤੇ ਹੁੰਮਸ ਵਿੱਚ ਬਜ਼ੁਰਗਾਂ, ਬੱਚਿਆਂ ਅਤੇ ਆਮ ਲੋਕਾਂ ਨੂੰ ਖਾਸ ਤੌਰ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਮੱਸਿਆ ਦਾ ਪੱਕਾ ਹੱਲ ਨਾ ਹੋਣ ਕਾਰਨ ਉਨ੍ਹਾਂ ਨੂੰ ਸੜਕ ’ਤੇ ਉਤਰ ਕੇ ਰੋਸ ਪ੍ਰਗਟਾਉਣਾ ਪਿਆ। ਧਰਨੇ ਕਾਰਨ ਮਲੇਰਕੋਟਲਾ-ਲੁਧਿਆਣਾ ਮੁੱਖ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਸਥਿਤੀ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਦਰ ਅਹਿਮਦਗੜ੍ਹ ਦੀ ਐੱਸਐੱਚਓ ਗੁਰਪ੍ਰੀਤ ਕੌਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਿਜਲੀ ਵਿਭਾਗ ਦੇ ਜੇਈ ਸਮੇਤ ਡਿਊਟੀ ’ਤੇ ਤਾਇਨਾਤ ਸਟਾਫ ਨੂੰ ਮੌਕੇ ’ਤੇ ਬੁਲਾਇਆ। ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਪਲਾਈ ਵਿੱਚ ਆ ਰਹੀ ਖਰਾਬੀ ਨੂੰ ਦੂਰ ਕਰਨ ਅਤੇ ਬਿਜਲੀ ਸਪਲਾਈ ਸੁਚਾਰੂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਉਪਰੰਤ ਸਪਲਾਈ ਨੂੰ ਦਰੁਸਤ ਕਰਵਾਇਆ ਗਿਆ, ਜਿਸ ਮਗਰੋਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਸੜਕ ’ਤੇ ਆਵਾਜਾਈ ਮੁੜ ਬਹਾਲ ਹੋ ਗਈ। ਲੋਕਾਂ ਨੇ ਮੰਗ ਕੀਤੀ ਕਿ ਬਿਜਲੀ ਸਪਲਾਈ ਦੀ ਸਮੱਸਿਆ ਦਾ ਸਿਰਫ਼ ਆਰਜ਼ੀ ਨਹੀਂ, ਸਗੋਂ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਮੁੜ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ।