ਕਿਸਾਨਾਂ ਨੇ ਡੀਸੀ ਦਫਤਰ ਅੱਗੇ ਲਾਇਆ ਧਰਨਾ, ਨਾਅਰੇਬਾਜ਼ੀ ਕੀਤੀ ਕਿਸਾਨਾਂ ਨੇ ਡੀਸੀ ਦਫਤਰ ਅੱਗੇ ਲਾਇਆ ਧਰਨਾ, ਨਾਅਰੇਬਾਜ਼ੀ ਕੀਤੀ
Publish Date: Mon, 05 Oct 2026 05:10 PM (IST)
Updated Date: Tue, 06 Oct 2026 04:05 AM (IST)
ਰਾਤ ਨੂੰ ਡੀਸੀ ਦੀ ਕੋਠੀ ਅੱਗੇ ਰਾਤ ਨੂੰ ਪਿੱਟ ਸਿਆਪਾ ਕਰਨ ਦਾ ਐਲਾਨ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋ ਸੂਬਾ ਕਮੇਟੀ ਦੇ ਸੱਦੇ ’ਤੇ ਸੋਮਵਾਰ ਨੂੰ ਡੀਸੀ ਦਫ਼ਤਰ ਅੱਗੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਵਿੱਚ ਰੋਸ ਧਰਨਾ ਲਾਇਆ ਗਿਆ। ਧਰਨੇ ਵਿੱਚ ਵੱਡੀ ਗਿਣਤੀ ਔਰਤਾਂ ਨੇ ਵੀ ਸਮੂਲੀਅਤ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ। ਕੇਂਦਰ ਸਰਕਾਰ ਅਮਰੀਕਾ ਨਾਲ ਟੈਕਸ ਫਰੀ ਵਪਾਰ ਸਮਝੌਤਾ ਕਰਕੇ ਕਿਸਾਨੀ ਨੂੰ ਮਾਰਨਾ ਚਾਹੁੰਦੀ ਹੈ ਅਤੇ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਉਪਜਾਊ ਜ਼ਮੀਨਾਂ ਖੋਹਣਾ ਚਾਹੁੰਦੀ ਹੈ। ਇਸ ਲਈ ਜਥੇਬੰਦੀ ਨੇ ਸੰਘਰਸਾਂ ਭਰੀ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ।ਉਨ੍ਹਾਂ ਮੰਗ ਕੀਤੀ ਕਿ ਅਮਰੀਕਾ ਨਾਲ ਹੋ ਰਿਹਾ ਟੈਕਸ ਫਰੀ ਖੇਤੀ ਵਪਾਰ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ। ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਪੂਰੀ ਤਰ੍ਹਾਂ ਵਾਪਸ ਲਈ ਜਾਵੇ। ਸਮੂਹ ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ,ਹੜ੍ਹਾਂ ਅਤੇ ਕੁਦਰਤੀ ਆਫਤਾਂ ਨਾਲ ਖਰਾਬ ਹੋਈਆਂ ਫਸਲਾਂ ਦਾ ਤੁਰੰਤ ਪੂਰਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ-ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ ਕੀਤੇ ਜਾਣ। ਖੇਤੀ ਕਰਜ਼ੇ ਕਾਰਨ ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ,ਕਾਸ਼ਤਕਾਰਾਂ, ਮਜ਼ਦੂਰਾਂ ਅਤੇ ਆਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਅਤੇ ਡਰੋਨ ਸਰਵੇ ਬੰਦ ਕੀਤੇ ਜਾਣ। ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਸਰਕਾਰ ਵੱਲੋ ਕਣਕ ਦੇ ਭਾਅ ਵਿੱਚ ਕੀਤੇ ਨਿਗੂਣੇ ਵਾਧੇ ਦੀ ਨਿਖੇਦੀ ਕਰਦਿਆਂ ਕਿਹਾ ਕਿ ਇਹ 25 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਕਿਸਾਨਾਂ ਨਾਲ ਕੋਝਾਂ ਮਜਾਕ ਕੀਤਾ ਹੈ। ਸਟੇਜ ਦੌਰਾਨ ਰਾਤ ਨੂੰ 10 ਵਜੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾਵੇਗਾ। ਸ਼ਾਮ ਨੂੰ ਡੀਸੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜਿਲ੍ਹਾ ਖਜਾਨਚੀ ਅਮਨਦੀਪ ਸਿੰਘ ਮਹਿਲਾਂ, ਕਰਮਜੀਤ ਕੌਰ ਭਿੰਡਰਾਂ, ਪਰਮਜੀਤ ਕੌਰ ਭੁਟਾਲ, ਜਸਵਿੰਦਰ ਕੌਰ ਖੋਖਰ, ਚਰਨਜੀਤ ਕੌਰ ਜਖਪੇਲ, ਅੰਗਰੇਜ ਕੌਰ ਮਹਿਲਾਂ, ਮਨਜੀਤ ਕੌਰ ਤੋਲਾਵਾਲ, ਮਨਪ੍ਰੀਤ ਕੌਰ ਧੂਰੀ, ਦਰਸ਼ਨ ਸਿੰਘ ਚੰਗਾਲੀਵਾਲਾ, ਜਗਤਾਰ ਸਿੰਘ ਲੱਡੀ, ਹਰਜੀਤ ਸਿੰਘ ਮਹਿਲਾਂ, ਬਲਵਿੰਦਰ ਸਿੰਘ ਘਨੌੜ, ਗੁਰਪ੍ਰੀਤ ਸਿੰਘ ਸੰਗਤਪੁਰਾ, ਬੰਟੀ ਢੀਡਸਾ, ਹਰਬੰਸ ਲੱਡਾ, ਸੁਖਪਾਲ ਮਾਣਕ ਕਣਕਵਾਲ ਮੌਜੂਦ ਸਨ।