- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੈਲਰਾਂ ਚ, ਲੱਗ ਰਹੇ ਸਿੱਧੇ ਝੋਨੇ ’ਤੇ ਕਿਸਾਨਾਂ ਨੇ ਚੁੱਕੇ ਸਵਾਲ

ਕਿਹਾ– ਮੰਡੀਆਂ ਵਿੱਚ ਝੋਨੇ ਦੀ ਖਰੀਦ ’ਚ ਬਣ ਰਿਹੈ ਅੜਿੱਕਾ
ਸ਼ੈਲਰ ਯੂਨੀਅਨ ਨੇ ਇਲਜ਼ਾਮਾਂ ਨੂੰ ਨਕਾਰਿਆ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਖ਼ਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸ਼ੈਲਰਾਂ ਵਿੱਚ ਮਿਲਿੰਗ ਲਈ ਲੱਗ ਰਿਹਾ ਸਿੱਧਾ ਝੋਨਾ ਕਿਸਾਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ ਟੀਚਾ ਪੂਰਾ ਕਰਨ ਦੇ ਦਾਅਵਿਆਂ ਵਿਚਾਲੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਰੋਕ ਦਿੱਤੀ ਗਈ ਹੈ। ਸੁਨਾਮ ਮੰਡੀ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਨੇ ਵਿਥਿਆ ਸੁਣਾਉਂਦੇ ਹੋਏ ਝੋਨੇ ਦੀ ਬੰਦ ਹੋਈ ਖਰੀਦ ਤੇ ਸਵਾਲ ਖੜ੍ਹੇ ਕਰਦਿਆਂ ਆਖਿਆ ਕਿ ਸ਼ੈਲਰਾਂ ਵਿੱਚ ਮਿਲਿੰਗ ਲਈ ਲੱਗ ਰਿਹਾ ਸਿੱਧਾ ਝੋਨਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਹੋਣ ਦਾ ਕਾਰਨ ਦੱਸਿਆ ਗਿਆ ਹੈ।
ਇਹ ਗੱਲ ਸਾਹਮਣੇ ਆਈ ਕਿ 5 ਨਵੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਬੰਦ ਹੋ ਚੁੱਕੀ ਹੈ ਪਰ ਕਿਸਾਨ ਆਪਣਾ ਝੋਨਾ ਵੇਚਣ ਲਈ ਮੰਡੀਆਂ ਵਿੱਚ ਇੰਤਜ਼ਾਰ ਕਰਦਾ ਰੁੱਲ ਰਿਹਾ ਹੈ। ਕੁਲਾਰਾਂ ਦੇ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਨੌ ਦਿਨਾਂ ਤੋਂ ਮੰਡੀ ਵਿੱਚ ਆਪਣੀ ਫਸਲ ਲਈ ਬੈਠਾ ਹੈ ਪਰ ਉਸ ਦੀ ਫਸਲ ਅੱਜ ਤੱਕ ਵੀ ਨਹੀਂ ਵਿਕੀ। ਮੈਦੇਵਾਸ ਦੇ ਕਿਸਾਨ ਚੰਨਣ ਸਿੰਘ ਨੇ ਕਿਹਾ ਕਿ ਉਹ ਪਿਛਲੇ 14-15 ਦਿਨ ਤੋਂ ਆਪਣਾ ਝੋਨਾ ਮੰਡੀ ਵਿੱਚ ਲੈ ਕੇ ਬੈਠਿਆ ਹੈ ਪਰ ਉਸਦਾ ਝੋਨਾ ਅੱਜ ਤੱਕ ਨਹੀਂ ਵਿਕਿਆ ਜਦ ਕਿ ਉਸ ਵੱਲੋਂ ਫਸਲ ਨੂੰ ਦੋ ਵਾਰ ਪੱਖਾ ਲਗਵਾ ਚੁੱਕਿਆ ਹੈ। ਗੁਰਜੰਟ ਸਿੰਘ ਸ਼ਾਹਪੁਰ ਵੀ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਰੁਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸੈਲਰਾਂ ਵਿੱਚ ਸਿੱਧਾ ਝੋਨਾ ਲਾਉਣ ਕਾਰਨ ਇਹ ਦਿੱਕਤ ਆ ਰਹੀ ਹੈ ਕਿਉਂਕਿ ਸ਼ੈਲਰ ਮਾਲਕਾਂ ਵੱਲੋਂ ਬਾਹਰਲੇ ਸੂਬਿਆਂ ਵਿੱਚੋਂ ਸਿੱਧਾ ਝੋਨਾ ਲਿਆ ਕੇ ਸਟੋਰ ਕਰ ਲਿਆ ਹੈ ਅਤੇ ਉਸ ਨੂੰ ਇਥੋਂ ਦਾ ਝੋਨਾ ਦਿਖਾਕੇ ਘੱਟੋ-ਘੱਟ ਸਮਰਥਨ ਮੁੱਲ ਤੇ ਲਵਾ ਲਿਆ ਹੈ। ਜਿਸ ਕਾਰਨ ਸਰਕਾਰ ਵੱਲੋਂ ਖਰੀਦ ਦਾ ਮਿਥਿਆ ਗਿਆ ਟੀਚਾ ਪੂਰਾ ਹੋ ਚੁੱਕਿਆ ਹੈ। ਕਿਸਾਨਾਂ ਵੱਲੋਂ ਸੈਲਰ ਮਾਲਕਾਂ ਤੇ ਸਿੱਧੀ ਖਰੀਦ ਦੇ ਲਾਏ ਦੋਸ਼ਾਂ ਬਾਰੇ ਜਦੋਂ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਦੀ ਕਪੈਸਿਟੀ ਤੇ ਸਰਕਾਰ ਵੱਲੋਂ ਕੱਟ ਲਾ ਕੇ ਝੋਨਾ ਭੇਜਿਆ ਗਿਆ ਹੈ।
ਉਨ੍ਵਾਂ ਦੱਸਿਆ ਕਿ ਇੱਕ ਟਨ ਦੀ ਕਪੈਸਿਟੀ ਵਾਲੇ ਸੈਲਰ ਦੀ ਕਪੈਸਿਟੀ 93 ਹਜ਼ਾਰ ਬੋਰੀਆਂ ਦੀ ਹੈ ਪਰ ਉਹਨਾਂ ਨੂੰ ਸਿਰਫ 48 ਹਜ਼ਾਰ ਬੋਰੀਆਂ ਹੀ ਅਲਾਟ ਹੋਈਆਂ ਹਨ ਜਦ ਕਿ ਦੋ ਟਨ ਦੀ ਕਪੈਸਿਟੀ ਵਾਲੇ ਸੈਲਰ ਨੂੰ ਇਕ ਲੱਖ 20 ਹਜ਼ਾਰ ਬੋਰੀਆਂ ਮਿਲਣੀਆਂ ਚਾਹੀਦੀਆਂ ਹਨ ਪਰ ਉਹਨਾਂ ਨੂੰ ਵੀ ਸਿਰਫ 62 ਹਜਾਰ ਬੋਰੀਆਂ ਹੀ ਅਲਾਟ ਹੋਈਆਂ ਹਨ। ਜੋ ਪਿਛਲੇ ਤਿੰਨ ਸਾਲਾਂ ਤੋਂ ਐਵਰੇਜ 48 ਫੀਸਦੀ ਕੱਟ ਲਾ ਕੇ ਦਿੱਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਾਉਣ ਲਈ ਸਰਕਾਰ ਨੂੰ ਗੁਹਾਰ ਲਗਾਈ ਹੈ।