- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ

ਖੇਤਾਂ ਦੀ ਮਿੱਟੀ ਨੂੰ ਅੱਗ ਨਹੀਂ, ਸੰਭਾਲ ਦੀ ਸੌਗਾਤ ਦਿਓ : ਹਰਜਿੰਦਰ ਸਿੰਘ
-ਪਰਾਲੀ ਸਾੜਨ ਦੀ ਬਜਾਏ ਆਧੁਨਿਕ ਤਕਨੀਕਾਂ ਨਾਲ ਕਰੋ ਪ੍ਰਬੰਧਨ
ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ,
ਅਮਰਗੜ੍ਹ : ਗੁਰੂਆਂ-ਪੀਰਾਂ ਦੀ ਧਰਤੀ ਦੇ ਆਬੋ-ਹਵਾ ਨੂੰ ਪਲੀਤ ਹੋਣ ਤੋਂ ਬਚਾਉਣਾ ਕੇਵਲ ਪ੍ਰਸ਼ਾਸਨਿਕ ਫ਼ਰਜ਼ ਨਹੀਂ, ਸਗੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਨੈਤਿਕ ਜਵਾਬਦੇਹੀ ਹੈ ਇਸੇ ਸੁਨੇਹੇ ਨੂੰ ਕਿਸਾਨਾਂ ਦੇ ਬੂਹਿਆਂ ਤੋਂ ਅੱਗੇ ਖੇਤਾਂ ਦੀਆਂ ਵੱਟਾਂ ਤੱਕ ਪਹੁੰਚਾਉਣ ਲਈ ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਪੁਲਿਸ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਡੀਐੱਸਪੀ ਅਮਰਗੜ੍ਹ ਸੰਜੀਵ ਕਪੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸਐੱਚਓ ਅਮਰਗੜ੍ਹ ਇੰਸਪੈਕਟਰ ਹਰਜਿੰਦਰ ਸਿੰਘ ਨੇ ਪਿੰਡ ਦੌਲਤਪੁਰ ਛੰਨਾ ਵਿਖੇ ਕਿਸਾਨ ਸੁਖਬੀਰ ਸਿੰਘ ਦੇ ਖੇਤਾਂ ਵਿੱਚ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਜਿੰਦਰ ਸਿੰਘ ਨੇ ਕਿਹਾ ਕਿ ਜਿਸ ਮਿੱਟੀ ਨੇ ਸਾਡੀਆਂ ਪੀੜ੍ਹੀਆਂ ਦਾ ਪੇਟ ਭਰਿਆ, ਉਸ ਦੀ ਉਪਜਾਊ ਸ਼ਕਤੀ ਅਤੇ ਜੀਵਨਦਾਇਕ ਹਵਾ ਨੂੰ ਸੰਭਾਲਣਾ ਸਾਡਾ ਸਾਂਝਾ ਧਰਮ ਹੈ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਆਧੁਨਿਕ ਤਕਨੀਕਾਂ ਨਾਲ ਇਸ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ, ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਮਾਲੇਰਕੋਟਲਾ ਨੂੰ ਨਸ਼ਾ ਮੁਕਤ ਬਣਾਉਣਾ ਵੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਅਗਾਂਹਵਧੂ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿਛਲੇ ਲੰਮੇ ਸਮੇਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ। ਉਨ੍ਹਾਂ ਕਿਹਾ ਕਿ ਮਸ਼ੀਨਰੀ ਰਾਹੀਂ ਪਰਾਲੀ ਦਾ ਪ੍ਰਬੰਧਨ ਕਰਨ ਨਾਲ ਮਿੱਟੀ ਦੇ ਮਿੱਤਰ ਕੀੜੇ ਸੁਰੱਖਿਅਤ ਰਹਿੰਦੇ ਹਨ, ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ ਅਤੇ ਪਰਾਲੀ ਦੀਆਂ ਗੱਠਾਂ ਤੋਂ ਆਮਦਨ ਦੇ ਮੌਕੇ ਵੀ ਬਣਦੇ ਹਨ।