ਕਿਸਾਨਾਂ ਨੇ ਡੀਸੀ ਦਫ਼ਤਰ ਦੇ ਤਿੰਨੋਂ ਗੇਟਾਂ ਨੂੰ ਲਾਏ ਜਿੰਦਰੇ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਤਿੰਨੋਂ ਗੇਟਾਂ ਨੂੰ ਲਾਏ ਜਿੰਦਰੇ
Publish Date: Mon, 14 Sep 2026 06:18 PM (IST)
Updated Date: Tue, 15 Sep 2026 04:05 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਮਾਲੇਰਕੋਟਲਾ ਅੱਗੇ ਲਾਇਆ ਪੱਕਾ ਮੋਰਚਾ ਅੱਜ 16ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਇਸ ਦੌਰਾਨ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਤਿੰਨੋਂ ਗੇਟਾਂ ਨੂੰ ਜਿੰਦਰੇ ਲਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ। ਇਸ ਕਾਰਨ ਦਫ਼ਤਰ ਆਉਣ ਵਾਲੇ ਆਮ ਲੋਕਾਂ ਦੇ ਕੰਮਕਾਜ ’ਤੇ ਵੀ ਅਸਰ ਪਿਆ। ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਹੋਏ ਇਸ ਧਰਨੇ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਨੇ ਕਿਹਾ ਕਿ 30 ਅਗਸਤ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਾ ਕੇ ਬੈਠੇ ਹਨ। ਅੱਜ 14 ਸਤੰਬਰ ਨੂੰ ਸ਼ਾਮ ਪੰਜ ਵਜੇ ਤੱਕ ਦਫ਼ਤਰ ਦਾ ਮੁਕੰਮਲ ਘਿਰਾਓ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਵੱਲੋਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਤਹਿਤ ਮੁੜ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਬਾਦਕਾਰਾਂ, ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਦਿਹਾੜੀਦਾਰ ਕਿਰਤੀਆਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਦੇਣ ਅਤੇ ਕਾਰਪੋਰੇਟਾਂ ਤੇ ਜਗੀਰਦਾਰਾਂ ਦੀ ਥਾਂ ਕਿਸਾਨ ਪੱਖੀ ਖੇਤੀ ਨੀਤੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਡੀਸੀ ਦਫ਼ਤਰ ਦੇ ਮੁਕੰਮਲ ਘਿਰਾਓ ਦੌਰਾਨ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਐਲਾਨ ਕੀਤਾ ਕਿ 24 ਸਤੰਬਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਮਾਲੇਰਕੋਟਲਾ ਦਾ ਮੁੜ ਪੱਕੇ ਤੌਰ ’ਤੇ ਮੁਕੰਮਲ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲੇਗਾ, ਉਸ ਦਿਨ ਜਥੇਬੰਦੀ ਵੱਲੋਂ ਚੰਡੀਗੜ੍ਹ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਪਿੰਡ-ਪਿੰਡ ਮੀਟਿੰਗਾਂ ਕਰਕੇ ਤਿਆਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਸਰਬਜੀਤ ਸਿੰਘ ਭੁਰਥਲਾ, ਰਾਜਿੰਦਰ ਸਿੰਘ ਭੋਗੀਵਾਲ, ਰਾਵਿੰਦਰ ਸਿੰਘ ਕਾਸਮਪੁਰ, ਕਰਨੈਲ ਸਿੰਘ ਭੂਦਨ, ਜਰਨੈਲ ਸਿੰਘ ਭੈਣੀ, ਮਹਿੰਦਰ ਸਿੰਘ ਭਰਥਲਾ, ਹਰਿੰਦਰ ਸਿੰਘ ਚੌਦਾਂ, ਸਵਰਨਜੀਤ ਸਿੰਘ ਦੁਲਮਾਂ, ਜਗਤਾਰ ਸਿੰਘ ਸਰੌਦ, ਰਾਵਿੰਦਰ ਸਿੰਘ ਹਥਨ, ਦਵਿੰਦਰ ਸਿੰਘ ਖਾਨਪੁਰ, ਗੁਰਪ੍ਰੀਤ ਸਿੰਘ ਹਥਨ ਅਤੇ ਔਰਤ ਆਗੂ ਗੁਰਮੀਤ ਕੌਰ ਕੁਠਾਲਾ, ਗੁਰਮੇਲ ਕੌਰ ਦੁਲਮਾਂ, ਹਰਜੀਤ ਕੌਰ ਹਥਨ ਤੇ ਸੁਖਵਿੰਦਰ ਕੌਰ ਹਾਜ਼ਰ ਸਨ।