- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਨਾਮ ਇਲਾਕੇ ਚ, ਬੇਮੌਸਮੇ ਮੀਂਹ ਕਾਰਨ ਕਿਸਾਨ ਬੇਹਾਲ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਬੇਮੌਸਮੇ ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਸਖ਼ਤ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ। ਜ਼ਿਲ੍ਹੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਤੋਂ ਲੈਕੇ ਪੇਂਡੂ ਇਲਾਕੇ ਦੇ ਖੇਤਾਂ ਤੱਕ ਝੋਨੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੰਡੀਆਂ ਵਿੱਚ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧਾਂ ਦੀ ਘਾਟ ਅਤੇ ਖੇਤਾਂ ਵਿੱਚ ਫਸਲ ਦੇ ਡਿੱਗਣ ਕਾਰਨ ਕਿਸਾਨ ਡੂੰਘੀ ਚਿੰਤਾ ਵਿੱਚ ਹਨ।
ਮੰਡੀ ਵਿੱਚ ਪਾਣੀ ਭਰਿਆ; ਤਰਪਾਲਾਂ ਹੇਠ ਪਿਆ ਝੋਨਾ ਵੀ ਪਾਣੀ ਵਿੱਚ ਡੁੱਬਿਆ
ਸੁਨਾਮ ਅਨਾਜ ਮੰਡੀ ਵਿੱਚ ਸਥਿਤੀ ਇਸ ਸਮੇਂ ਗੰਭੀਰ ਬਣੀ ਹੋਈ ਹੈ। ਹਾਲਾਂਕਿ ਕਿਸਾਨਾਂ ਅਤੇ ਆੜ੍ਹਤੀਆਂ ਨੇ ਮੰਡੀ ਵਿੱਚ ਲਿਆਂਦੇ ਝੋਨੇ ਨੂੰ ਤਰਪਾਲਾਂ ਨਾਲ ਢੱਕ ਕੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਮੰਡੀ ਦੇ ਅੰਦਰ ਪਾਣੀ ਭਰ ਜਾਣ ਕਾਰਨ ਅਨਾਜ ਪਾਣੀ ਵਿੱਚ ਡੁੱਬ ਗਿਆ ਹੈ।
ਪ੍ਰਸ਼ਾਸਨਿਕ ਪ੍ਰਬੰਧਾਂ ’ਤੇ ਸਵਾਲ:
ਮਜ਼ਦੂਰਾਂ ਅਤੇ ਕਿਸਾਨਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਦੋਸ਼ ਲਾਇਆ ਕਿ ਮੰਡੀ ਵਿੱਚ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਹੀਂ ਹਨ ਕਿਉਂਕਿ ਸੀਵਰੇਜ ਪ੍ਰਣਾਲੀ ਦੀ ਸਮੇਂ ਸਿਰ ਸਫਾਈ ਨਹੀਂ ਕੀਤੀ ਗਈ ਸੀ। ਖੁੱਲ੍ਹੇ ਵਿੱਚ ਪਿਆ ਝੋਨਾ ਪੂਰੀ ਤਰ੍ਹਾਂ ਭਿੱਜ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਦਾ ਇਹ ਦੌਰ ਜਾਰੀ ਰਿਹਾ ਤਾਂ ਸ਼ੈੱਡਾਂ ਹੇਠ ਸੁਰੱਖਿਅਤ ਰੱਖਿਆ ਝੋਨਾ ਵੀ ਨਮੀ ਕਾਰਨ ਪ੍ਰਭਾਵਿਤ ਹੋਵੇਗਾ।
--
ਖੇਤਾਂ ਵਿੱਚ ਭਾਰੀ ਤਬਾਹੀ; ਅਗਲੀ ਫਸਲ ਦੀ ਬਿਜਾਈ ’ਤੇ ਸੰਕਟ
ਮੰਡੀ ਤੋਂ ਬਾਹਰ ਖੇਤਾਂ ਵਿੱਚ ਵੀ ਹਾਲਤ ਵੱਖਰੇ ਨਹੀਂ ਹਨ। ਮੀਂਹ ਅਤੇ ਤੇਜ਼ ਹਵਾਵਾਂ ਨੇ ਬਖਸ਼ੀਵਾਲਾ, ਚੱਠੇ ਨਨਹੇੜਾ, ਛਾਜਲਾ, ਛਾਜਲੀ ਅਤੇ ਨੀਲੋਵਾਲ ਵਰਗੇ ਸਥਾਨਕ ਪਿੰਡਾਂ ਵਿੱਚ ਭਾਰੀ ਨੁਕਸਾਨ ਕੀਤਾ ਹੈ। ਤੇਜ਼ ਹਵਾਵਾਂ ਦੇ ਬੁੱਲ੍ਹਿਆਂ ਕਾਰਨ ਖੜ੍ਹੀ ਅਤੇ ਕਟਾਈ ਲਈ ਤਿਆਰ ਝੋਨੇ ਦੀ ਫਸਲ ਜ਼ਮੀਨ 'ਤੇ ਡਿੱਗ ਗਈ ਹੈ।
ਕਿਸਾਨ ਦਰਬਾਰਾ ਸਿੰਘ ਅਤੇ ਰਣ ਸਿੰਘ ਚੱਠਾ ਨੇ ਕਿਹਾ ਕਿ ਮੀਂਹ ਨੇ ਕਿਸਾਨਾਂ ਦੀ ਮਿਹਨਤ ਬਰਬਾਦ ਕਰ ਦਿੱਤੀ ਹੈ। ਫਸਲ ਦੇ ਜ਼ਮੀਨ ’ਤੇ ਡਿੱਗਣ ਕਾਰਨ ਇਸ ਸੀਜ਼ਨ ਵਿੱਚ ਝਾੜ ਕਾਫ਼ੀ ਘੱਟ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਕਟਾਈ ਵਿੱਚ ਦੇਰੀ ਹੋਵੇਗੀ, ਜਿਸ ਦਾ ਸਿੱਧਾ ਅਸਰ ਅਗਲੀ ਫਸਲ ਦੀ ਸਮੇਂ ਸਿਰ ਬਿਜਾਈ 'ਤੇ ਪਵੇਗਾ।