- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਰਚੇ ਦੇ 13ਵੇਂ ਦਿਨ ਕਿਸਾਨਾਂ ਸ਼ਹਿਰ ’ਚ ਕੀਤਾ ਰੋਸ ਮਾਰਚ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਡੀਸੀ ਦਫ਼ਤਰ ਅੱਗੇ 13ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ। ਸ਼ੁੱਕਰਵਾਰ ਨੂੰ ਕਰਜ਼ਿਆਂ ਦੀ ਮੰਗ ਅਤੇ ਓਟੀਐੱਸ ਦੀ ਮੰਗ ਨੂੰ ਲੈ ਕਿਸਾਨਾਂ ਨੇ ਸਹਿਕਾਰੀ ਬੈਂਕਾਂ ਦੇ ਡੀਐੱਮ ਦੇ ਦਫਤਰ ਤੱਕ ਮਾਰਚ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਮਾਗੇਵਾਲ ਹਰਿਆਣਾ ਦੇ ਰਣਵੀਰ ਮਲਿਕ ਅਤੇ ਹਰਿਆਣਾ ਤੋਂ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਸੂਬਾ ਜਰਨਲ ਸਕੱਤਰ ਅਜੇ ਸਿਧਾਣੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਨੇ ਕਿਹਾ ਕਿ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਤੇ ਕਿਸਾਨਾਂ ਵਿੱਚ ਧਰਮਾਂ, ਜਾਤਾਂ ਅਤੇ ਪਾਣੀਆਂ ਦੀ ਵੰਡ ਦੇ ਨਾਮ ਤੇ ਫੁੱਟ ਪਾਉਣ ਦੇ ਯਤਨ ਕੀਤੇ ਜਾਂਦੇ ਹਨ। ਇਸ ਨੂੰ ਨਾਕਾਮ ਕਰਨ ਲਈ ਸੂਬਿਆਂ ਦੇ ਕਿਸਾਨਾਂ ਦੀ ਏਕਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੁਝ ਜਥੇਬੰਦੀਆਂ ਵੱਲੋਂ ਧਾਰਾ 78, 79, 80 ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਇਹ ਧਾਰਾਵਾਂ ਰੱਦ ਹੁੰਦੀਆਂ ਹਨ ਤਾਂ ਦੇਸ਼ ਵਿੱਚ ਹਫੜਾ-ਦਫੜੀ ਫੈਲੇਗੀ ਅਤੇ ਸੂਬਿਆਂ ਦੇ ਕਿਸਾਨ ਆਪਸ ਵਿੱਚ ਲੜਨਗੇ, ਜਿਸ ਦਾ ਫਾਇਦਾ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ ਮਿਲੇਗਾ। ਇਹ ਕਿਰਤੀ ਲੋਕਾਂ ਦੇ ਹਿੱਤ ਵਿੱਚ ਨਹੀਂ। ਸੂਬਾ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਧਾਰਾ 78 ਕੇਂਦਰ ਸਰਕਾਰ ਨੂੰ ਬੰਨ੍ਹਦੀ ਹੈ ਕਿ ਜੇਕਰ ਦੋ ਸੂਬਿਆਂ ਦਾ ਝਗੜਾ 2 ਸਾਲ ਤੱਕ ਹੱਲ ਨਾ ਹੋਵੇ ਤਾਂ ਕੇਂਦਰ ਨਿਯਮਾਂ ਅੰਦਰ ਰਹਿ ਕੇ ਹੀ ਫੈਸਲਾ ਕਰ ਸਕਦਾ ਹੈ, ਪਰ ਕੇਂਦਰ ਨੇ 1980-81 ਵਿੱਚ ਪਾਣੀਆਂ ਸਬੰਧੀ ਫੈਸਲੇ 78 ਦੀ ਘੋਰ ਉਲੰਘਣਾ ਕਰਕੇ ਕੀਤੇ। ਇਸ ਲਈ ਲੜਾਈ ਸੂਬਿਆਂ ਦੇ ਕਿਸਾਨਾਂ ਦੀ ਆਪਸ ਵਿੱਚ ਨਹੀਂ, ਸਗੋਂ ਇਕੱਠੇ ਹੋ ਕੇ ਕੇਂਦਰ ਖ਼ਿਲਾਫ਼ ਬਣਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਰਤਾ ਰੱਦ ਕੀਤਾ ਜਾਵੇ, ਸਾਮਰਾਜੀ ਮੁਲਕਾਂ ਨਾਲ ਕੀਤੀਆਂ ਲੋਕ ਵਿਰੋਧੀ ਸੰਧੀਆਂ ਰੱਦ ਕੀਤੀ ਜਾਵੇ, ਲੈਂਡ ਪੂਲਿੰਗ ਨੀਤੀ ਰੱਦ, ਕਰਜ਼ਾ ਮੁਕਤੀ, ਕਾਰਪੋਰੇਟ ਲੁੱਟ ਬੰਦ ਕਰਵਾਉਣਾ ਅਤੇ ਜ਼ਮੀਨ ਦੀ ਮਾਲਕੀ ਬਣਾਉਣਾ/ਬਚਾਉਣਾ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਪੂਰਾ ਕੀਤਾ ਜਾਵੇ।
ਇਸ ਮੌਕੇ ਜਿਲ੍ਹਾ ਸੈਕਟਰੀ ਦਰਵਾਰਾ ਸਿੰਘ ਸਿੰਘ ਛਾਜਲਾ , ਸੁਖਪਾਲ ਸਿੰਘ ਮਾਣਕ, ਹਰਜੀਤ ਸਿੰਘ ਮਹਿਲਾਂ, ਸੁਖਪਾਲ ਸਿੰਘ ਮਾਣਕ ਕਣਕਵਾਲ, ਜਸਵੀਰ ਸਿੰਘ ਗੱਗੜਪੁਰ , ਦਰਸ਼ਨ ਸਿੰਘ ਕੋਟੜਾ, ਮਨਜੀਤ ਕੌਰ ਤੋਲਾਵਲ ਮੌਜੂਦ ਸਨ।