ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, CM ਮਾਨ ਦੇ ਵਿਰੋਧ ਤੋਂ ਪਹਿਲਾਂ ਹੀ ਕਿਸਾਨ ਆਗੂ ਗੁਰਬਖਸ਼ੀਸ਼ ਸਿੰਘ ਤੇ ਰਣ ਸਿੰਘ ਚੱਠਾ ਡਿਟੇਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੌੜਾਂ ਵਿਖੇ ਆਯੋਜਿਤ ਸੱਥ ਪ੍ਰੋਗਰਾਮ ਵਿੱਚ ਸਵਾਲ ਕਰਨ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈਕੇ ਥਾਣਾ ਛਾਜਲੀ ਵਿਚ ਡੱਕੀ ਰੱਖਿਆ। ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਅਤੇ ਜਨਰਲ ਸਕੱਤਰ ਰਣ ਸਿੰਘ ਚੱਠਾ ਨੂੰ ਹਿਰਾਸਤ ਵਿੱਚ ਲਿਆ।
Publish Date: Sat, 31 Oct 2026 04:50 PM (IST)
Updated Date: Sat, 31 Oct 2026 04:52 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੌੜਾਂ ਵਿਖੇ ਆਯੋਜਿਤ ਸੱਥ ਪ੍ਰੋਗਰਾਮ ਵਿੱਚ ਸਵਾਲ ਕਰਨ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਥਾਣਾ ਛਾਜਲੀ ਵਿਚ ਡੱਕੀ ਰੱਖਿਆ। ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਅਤੇ ਜਨਰਲ ਸਕੱਤਰ ਰਣ ਸਿੰਘ ਚੱਠਾ ਨੂੰ ਹਿਰਾਸਤ ਵਿੱਚ ਲਿਆ।
ਰੋਹ ਵਿੱਚ ਆਏ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹੋ ਰਹੀਆਂ ਲੋਕ ਮਿਲਣੀਆਂ ਦੌਰਾਨ ਸਵਾਲ ਪੁੱਛਣ ਜਾਣ ਦੇ ਕੀਤੇ ਗਏ ਐਲਾਨ ਤਹਿਤ ਅੱਜ ਜਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਦਿੜਬਾ ਦੇ ਪਿੰਡ ਮੌੜਾਂ ਵਿਖੇ ਹੋ ਰਹੀ ਲੋਕ ਮਿਲਣੀ ਵਿੱਚ ਸਵਾਲ ਪੁੱਛਣ ਜਾਣ ਦਾ ਬੀਕੇਯੂ ਏਕਤਾ ਸਿੱਧੂਪੁਰ ਜਿਲਾ ਸੰਗਰੂਰ ਵੱਲੋਂ ਐਲਾਨ ਕੀਤਾ ਗਿਆ ਸੀ , ਜਿਸ ਦੇ ਤਹਿਤ ਵੱਡੀ ਗਿਣਤੀ ਵਿੱਚ ਕਿਸਾਨ ਜ਼ਿਲਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਤੇ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਮੌੜਾਂ ਨੇੜਲੇ ਪਿੰਡ ਮਹਿਲਾਂ ਚੌਂਕ ਦੇ ਗੁਰਦੁਆਰਾ ਵਿਖੇ ਇਕੱਠੇ ਹੋਏ ਸੀ ਜਿੱਥੋਂ ਕਿ ਪੁਲਿਸ ਨੇ ਘੇਰਾ ਪਾ ਕੇ ਪਿੰਡ ਮੌੜਾਂ ਵੱਲ ਰਵਾਨਾ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਥੇ ਹੀ ਕਾਫੀ ਕਿਸਾਨ ਮਹਿਲਾਂ ਚੌਂਕ ਤੋਂ ਮੌੜਾਂ ਵੱਲ ਰਵਾਨਾ ਹੋ ਗਏ ਸੀ ਜਿਨਾਂ ਨੂੰ ਰਸਤੇ ਵਿੱਚੋਂ ਪੁਲਿਸ ਵੱਲੋਂ ਹਿਰਾਸਤ ਚ ਲਿਆ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਜਿਲਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਤੇ ਜਿ਼ਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹੈ ਜੋ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਸਮੇਤ ਹੋਰ ਵਰਗਾਂ ਦੇ ਮੰਗਾਂ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਉਨਾਂ ਨਾਲ ਗੱਲਬਾਤ ਕਰਨ ਤੋਂ ਵੀ ਭੱਜ ਰਿਹਾ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ। ਉਨਾਂ ਕਿਹਾ ਕਿ ਅੱਜ ਬੀਕੇਯੂ ਸਿੱਧੂਪੁਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਨੌਰੀ, ਸ਼ੰਭੂ ਬਾਰਡਰਾਂ ਤੋਂ ਚੋਰੀ ਹੋਏ ਸਮਾਨ, ਲੈਂਡਮਾਰਗੇਜ ਬੈਂਕ ਨਾਲ ਜੁੜੀਆਂ ਮੰਗਾਂ, ਨਸ਼ਿਆਂ ਖਿਲਾਫ ਲੜਾਈ ਲੜ ਰਹੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦੇਣ, ਨਸ਼ੇ ਦੀ ਓਵਰਡੋਜ ਨਾਲ ਮਰੇ ਭੰਮੇ ਕਲਾਂ ਦੇ ਨੌਜਵਾਨ ਦੀ ਲਾਸ਼ ਮਾਨਸਾ ਮੋਰਚੇ ਵਿੱਚ ਲਿਜਾ ਰਹੇ ਲੋਕਾਂ ਤੋਂ ਪੁਲਿਸ ਵੱਲੋਂ ਲਾਸ਼ ਖੋਹਣ ਤੇ 40 ਦੇ ਕਰੀਬ ਲੋਕਾਂ ਤੇ ਸੰਗੀਨ ਧਰਾਵਾਂ ਅਧੀਨ ਪਰਚੇ ਦਰਜ ਕਰਨ ਸਮੇਤ ਹੋਰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਵਾਲ ਕਰਨੇ ਸੀ ਪਰ ਹਰ ਵਾਰ ਦੀ ਤਰ੍ਹਾਂ ਮੁੱਖ ਮੰਤਰੀ ਨੂੰ ਮਿਲਣ ਦੇਣ ਦੀ ਬਜਾਏ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਨਾਲ ਸਾਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨਾਂ ਕਿਹਾ ਕਿ ਇਹ ਸੰਘਰਸ਼ ਸਰਕਾਰ ਵੱਲੋਂ ਪੁਲਿਸ ਵੱਲ ਦਾ ਪ੍ਰਯੋਗ ਕਰਕੇ ਦਬਾਇਆ ਨਹੀਂ ਜਾ ਸਕੇਗਾ ਤੇ ਮੁੱਖ ਮੰਤਰੀ ਦੇ ਹਰ ਪ੍ਰੋਗਰਾਮ ਵਿੱਚ ਇਹ ਸਵਾਲ ਲੈ ਕੇ ਅਸੀਂ ਜਾਵਾਂਗੇ ,ਸਰਕਾਰ ਭਾਵੇਂ ਲਾਠੀਆਂ ਚਲਾਵੇ ਭਾਵੇਂ ਜੇਲਾਂ ਵਿੱਚ ਸੁੱਟੇ ,ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਪਿੱਛੇ ਨਹੀਂ ਹਟਣਗੇ ।
ਇਸ ਮੌਕੇ ਬਲਾਕ ਸੁਨਾਮ ਦੇ ਪ੍ਰਧਾਨ ਕੇਵਲ ਸਿੰਘ ਜਵੰਧਾ, ਬਲਾਕ ਲਹਿਰਾ ਤੇ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ , ਬਿੰਦਰ ਸਿੰਘ ਲੇਹਲ ਕਲਾਂ, ਮਨਜੀਤ ਸਿੰਘ ਖਾਈ, ਭਗਵੰਤ ਸਿੰਘ ਮੈਦੇਵਾਸ, ਗੁਰਮੀਤ ਸਿੰਘ ਚੱਠਾ ,ਕਾਲਾ ਜਵੰਧਾ, ਕੁਲਦੀਪ ਮਹਿਲਾਂ, ਭੋਲਾ ਸਿੰਘ ਨੀਲੋਵਾਲ, ਕ੍ਰਿਸ਼ਨ ਸਿੰਘ ਨੰਗਲਾ, ਨਿਰਮਲ ਭਾਠੂਆਂ , ਕਾਲਾ ਭੂਟਾਲ , ਮਿਸ਼ਰਾ ਸਿੰਘ ਮੈਦੇਵਾਸ, ਸੁਖਵਿੰਦਰ ਮਹਿਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।