ਮਾਨ ਵੱਲੋਂ ਰਜਬਾਹੇ ਦੇ ਉਦਘਾਟਨ ਤੋਂ ਪਹਿਲਾ ਕਿਸਾਨਾਂ ਕੀਤੀ ਨਾਅਰੇਬਾਜ਼ੀ ਮੁੱਖ ਮੰਤਰੀ ਵੱਲੋਂ ਰਜਵਾਹੇ ਦੇ ਉਦਘਾਟਨ ਤੋਂ ਪਹਿਲਾ ਕਿਸਾਨਾਂ ਵੱਲੋਂ ਨੀਂਹ ਪੱਥਰ ਕੋਲ ਖੜ੍ਹਕੇ ਕੀਤੀ ਨਾਅਰੇਬਾਜ਼ੀ
Publish Date: Tue, 30 Jun 2026 07:16 PM (IST)
Updated Date: Wed, 01 Jul 2026 04:08 AM (IST)
ਰਜਬਾਹੇ ਨੂੰ ਪੱਕਾ ਕਰਨ ਸਮੇਂ ਮੋਘੇ ਉੱਚੇ ਲਾਏ ਜਾਣ ਕਾਰਨ ਕਿਸਾਨਾਂ ’ਚ ਭਾਰੀ ਰੋਸ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਮਹਿਲ ਕਲਾਂ ਅੰਦਰ ਕੀਤੀ ਜਾ ਰਹੀ ਲੋਕ ਮਿਲਣੀ ਸਮੇਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ਪਿੰਡ ਗੰਗੋਹਰ ਤੋਂ ਮਹਿਲ ਕਲਾਂ ਵਿਚਕਾਰ ਦੀ ਲੰਘਦੇ ਰਜਬਾਹੇ ਨੂੰ ਪੱਕਾ ਕੀਤੇ ਜਾਣ ਦਾ ਉਦਘਾਟਨ ਕਰਨ ਤੋਂ ਪਹਿਲਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਸਰਬਜੀਤ ਸਿੰਘ ਗੰਗੋਹਰ ਤੇ ਹਰਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਪੱਕੇ ਕੀਤੇ ਰਜਬਾਹੇ ਦਾ ਮੋਘਾ ਪਾਣੀ ਦੇ ਵਹਾਅ ਤੋਂ ਉੱਚਾ ਕਰ ਕੇ ਬਣਾਉਣ ਤੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਨਾ ਮਿਲਣ ਕਰ ਕੇ ਰਜਬਾਹੇ ਦੇ ਮੋਘੇ ਤੇ ਰੱਖੇ ਜਾਣ ਵਾਲੇ ਨੀਂਹ ਪੱਥਰ ਨਜ਼ਦੀਕ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਦੀ ਸਲਾਹ ਤੋਂ ਬਿਨਾਂ ਹੀ ਖੇਤਾਂ ਨੂੰ ਪਾਣੀ ਦੇਣ ਵਾਲੇ ਰਜਬਾਹਿਆਂ ਦੇ ਮੋਘੇ ਉੱਚੇ ਕਰ ਕੇ ਨਹਿਰੀ ਪਾਣੀ ਦੀ ਸਹੂਲਤ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਸਰਬਜੀਤ ਸਿੰਘ ਗੰਗੋਹਰ, ਹਰਮਨਜੀਤ ਸਿੰਘ ਟਿਵਾਣਾ, ਸੁਖਵਿੰਦਰ ਸਿੰਘ ਗੰਗੋਹਰ, ਲਖਵੀਰ ਸਿੰਘ ਗੰਗੋਹਰ, ਕਾਲਾ ਸਿੰਘ, ਗੁਰਨਾਮ ਸਿੰਘ, ਪ੍ਰਭੂ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ, ਕਰਮ ਸਿੰਘ, ਜਗਸੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਇੱਕ ਪਾਸੇ ਤਾਂ ਰਜਬਾਹਿਆਂ ਨੂੰ ਪੱਕਾ ਕਰ ਕੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸ਼ਹੂਲਤ ਖੇਤਾਂ ਤੱਕ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਰਜਬਾਹੇ ਪੱਕੇ ਕਰਨ ਸਮੇਂ ਖੇਤਾਂ ਨੂੰ ਪਾਣੀ ਦੇਣ ਲਈ ਛੱਡੇ ਮੋਘੇ ਬੇਤਰਤੀਬੇ ਤੇ ਉੱਚੇ ਬਣਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰਜਬਾਹਿਆਂ ਨੂੰ ਪੱਕੇ ਕਰਨ ਤੋਂ ਪਹਿਲਾਂ ਇਨ੍ਹਾਂ ਮੋਘਿਆਂ ਰਾਹੀ ਪਾਣੀ ਦੀ ਸਪਲਾਈ ਬਹੁਤ ਵਧੀਆਂ ਸੀ ਪਰ ਹੁਣ ਮੋਘੇ ਉੱਚੇ ਹੋਣ ਕਾਰਨ ਰਜਬਾਹਿਆਂ ਦਾ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਨਹੀਂ ਪਹੁੰਚ ਰਿਹਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਬਿਜਲੀ ਸੰਕਟ ਕਾਰਨ ਵੱਡੇ ਵੱਡੇ ਕੱਟ ਲੱਗ ਰਹੇ ਹਨ। ਦੂਜੇ ਪਾਸੇ ਨਹਿਰੀ ਪਾਣੀ ਦੀ ਸਹੀਂ ਸਪਲਾਈ ਨਾ ਹੋਣ ਕਰ ਕੇ ਕਿਸਾਨਾਂ ਦੀ ਫਸਲ ਨੂੰ ਔੜ ਕਾਰਨ ਸੁੱਕ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕ ਮਿਲਣੀ ਲਈ ਮਹਿਲ ਕਲਾਂ ਪੁੱਜ ਰਹੇ ਹਨ। ਉਨ੍ਹਾਂ ਨੂੰ ਉਦਘਾਟਨ ਤੋਂ ਪਹਿਲਾਂ ਪੱਕੇ ਕੀਤੇ ਰਜਬਾਹਿਆਂ ਤੇ ਲਾਏ ਮੋਘਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਨੂੰ ਅਸਲ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੱਕੇ ਕੀਤੇ ਰਜਬਾਹਿਆਂ ਦੇ ਲਾਏ ਮੋਘਿਆਂ ਤੋਂ ਕਿਸਾਨਾਂ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ।