- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਨੇ ਫੂਕੀਆਂ " ਆਪ " ਸਰਕਾਰ ਦੀਆਂ ਅਰਥੀਆਂ

ਕਿਹਾ: ਮਜ਼ਦੂਰਾਂ ਤੇ ਜ਼ੁਲਮ ਢਾਹੁਣਾ ਨਹੀਂ ਬਰਦਾਸ਼ਤ
ਸਨਮਦੀਪ ਦੇ ਸਸਕਾਰ ਨੂੰ ਲੈਕੇ ਘੇਰੀ ਸਰਕਾਰ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਕਨੋਈ ਵਿਖੇ ਖੁਦਕੁਸ਼ੀ ਕਰ ਗਏ ਦਲਿਤ ਮਜ਼ਦੂਰ ਸਨਮਦੀਪ ਸਿੰਘ ਦਾ ਪੁਲਿਸ ਵੱਲੋਂ ਜਬਰੀ ਸਸਕਾਰ ਕੀਤੇ ਜਾਣ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੁਨਾਮ ਬਲਾਕ ਦੇ ਪਿੰਡਾਂ ਵਿੱਚ ਸੂਬਾ ਸਰਕਾਰ ਦੀਆਂ ਅਰਥੀਆਂ ਫੂਕ ਕੇ ਪੁਲਿਸ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਸੂਬੇ ਅੰਦਰ ਪੁਲਿਸ ਦੀਆਂ ਵਧੀਕੀਆਂ ਨੂੰ ਰੋਕਣ ਲਈ ਮੂੰਹ ਤੋੜਵਾਂ ਜਵਾਬ ਦੇਣਾ ਪਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਅਤੇ ਜੀਤ ਸਿੰਘ ਗੰਢੂਆਂ ਨੇ ਆਖਿਆ ਕਿ ਪਿੰਡ ਕਨੋਈ ਦੇ ਖੁਦਕੁਸ਼ੀ ਕਰ ਗਏ ਸਨਮਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਬਜਾਏ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਦੀ ਮੌਰਚਰੀ ਸਾਹਮਣੇ ਤੋਂ ਜਬਰੀ ਖਦੇੜਕੇ ਥਾਣਿਆਂ ਵਿੱਚ ਨਜ਼ਰਬੰਦ ਕਰ ਦਿੱਤਾ ਅਤੇ ਮ੍ਰਿਤਕ ਨੌਜਵਾਨ ਸਨਮਦੀਪ ਸਿੰਘ ਦਾ ਸਸਕਾਰ ਉਸਦੇ ਪਿੰਡ ਦੀ ਬਜਾਏ ਸੰਗਰੂਰ ਦੇ ਸ਼ਮਸ਼ਾਨਘਾਟ ਵਿੱਚ ਲਾਵਾਰਿਸ ਦੱਸਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਸ਼ਹਿ ਤੇ ਮਜ਼ਦੂਰ ਵਰਗ ਨਾਲ ਧੱਕਾ ਕਰ ਰਿਹਾ ਹੈ। ਅਜਿਹੇ ਵਰਤਾਰੇ ਨੂੰ ਜਥੇਬੰਦੀ ਕਦਾਚਿੱਤ ਬਰਦਾਸ਼ਤ ਨਹੀਂ ਕਰੇਗੀ। ਕਿਸਾਨ ਆਗੂਆਂ ਨੇ ਆਖਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਇਨਸਾਨ ਨੂੰ ਆਪਣੇ ਪਿੰਡ ਵਿੱਚ ਸਾਢੇ ਤਿੰਨ ਹੱਥ ਜਗ੍ਹਾ ਵੀ ਨਾ ਮਿਲੀ ਹੋਵੇ , ਉਨ੍ਹਾਂ ਆਖਿਆ ਕਿ ਜਥੇਬੰਦੀ ਮਜ਼ਦੂਰ ਪਰਿਵਾਰ ਦੇ ਨੌਜਵਾਨ ਸਨਮਦੀਪ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰੇਗੀ।