ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਜਾਮ, ਯਾਤਰੀ ਹੋਏ ਪਰੇਸ਼ਾਨ ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਜਾਮ, ਯਾਤਰੀ ਹੋਏ ਪ੍ਰੇਸ਼ਾਨ
Publish Date: Thu, 17 Sep 2026 05:47 PM (IST)
Updated Date: Fri, 18 Sep 2026 04:08 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਸੁਨਾਮ ਦੇ ਨੇੜੇ ਕਿਸਾਨਾਂ ਵੱਲੋਂ ਹਿਸਾਰ-ਲੁਧਿਆਣਾ ਰੇਲਵੇ ਟਰੈਕ ’ਤੇ ਧਰਨਾ ਲਾ ਕੇ ਆਵਾਜਾਈ ਰੋਕਣ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਰੇਲਵੇ ਟਰੈਕ ’ਤੇ ਕਿਸਾਨਾਂ ਦੇ ਧਰਨੇ ਕਾਰਨ ਇਸ ਰੂਟ ਤੋਂ ਲੰਘਣ ਵਾਲੀਆਂ ਕਈ ਯਾਤਰੀ ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ, ਜਦਕਿ ਕੁਝ ਰੇਲ ਗੱਡੀਆਂ ਦੇ ਰੂਟ ਵਿੱਚ ਤਬਦੀਲੀ ਕੀਤੀ ਗਈ। ਇਸ ਦਾ ਸਿੱਧਾ ਅਸਰ ਸੰਗਰੂਰ ਰੇਲਵੇ ਸਟੇਸ਼ਨ ’ਤੇ ਪਹੁੰਚਣ ਵਾਲੇ ਯਾਤਰੀਆਂ ’ਤੇ ਪਿਆ। ਯਾਤਰੀ ਘੰਟਿਆਂ ਤੱਕ ਰੇਲ ਗੱਡੀਆਂ ਦੀ ਉਡੀਕ ਵਿੱਚ ਸਟੇਸ਼ਨ ’ਤੇ ਬੈਠੇ ਰਹੇ, ਪਰ ਦੁਪਹਿਰ ਤੋਂ ਸ਼ਾਮ ਤੱਕ ਕੋਈ ਯਾਤਰੀ ਰੇਲਗੱਡੀ ਸਟੇਸ਼ਨ ’ਤੇ ਨਹੀਂ ਪਹੁੰਚੀ। ਸੰਗਰੂਰ ਰੇਲਵੇ ਸਟੇਸ਼ਨ ’ਤੇ ਯਾਤਰੀ ਆਪਣੀ ਯਾਤਰਾ ਲਈ ਰੇਲਗੱਡੀ ਦੀ ਉਡੀਕ ਕਰਦੇ ਦਿਖਾਈ ਦਿੱਤੇ। ਕਈ ਯਾਤਰੀਆਂ ਨੂੰ ਰੇਲ ਗੱਡੀਆਂ ਰੱਦ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਪਣੀ ਯਾਤਰਾ ਮੁਲਤਵੀ ਕਰਨੀ ਪਈ, ਜਦਕਿ ਕੁਝ ਯਾਤਰੀ ਹੋਰਨਾਂ ਸਾਧਨਾਂ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਰੇਲਵੇ ਸਟੇਸ਼ਨ ’ਤੇ ਰੇਲਗੱਡੀ ਦੀ ਉਡੀਕ ਵਿੱਚ ਬੈਠੇ ਯਾਤਰੀਆਂ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੰਗਰੂਰ ਰੇਲਵੇ ਦੇ ਅਧਿਕਾਰੀ ਰੁਸਤਮ ਖਾਨ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਰੇਲਵੇ ਟਰੈਕ ਰੋਕਣ ਕਾਰਨ 54604 ਲੁਧਿਆਣਾ-ਚੁਰੂ, 54633 ਹਿਸਾਰ-ਲੁਧਿਆਣਾ ਅਤੇ 54606 ਲੁਧਿਆਣਾ-ਹਿਸਾਰ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀਗੰਗਾਨਗਰ ਤੋਂ ਨਾਂਦੇੜ ਜਾਣ ਵਾਲੀ ਰੇਲਗੱਡੀ ਦਾ ਰੂਟ ਬਦਲਿਆ ਗਿਆ ਹੈ। ਰੇਲ ਗੱਡੀਆਂ ਦੇ ਰੂਟ ਵਿੱਚ ਤਬਦੀਲੀ ਅਤੇ ਰੇਲ ਗੱਡੀਆਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਲੰਮਾ ਸਮਾਂ ਉਡੀਕ ਕਰਨੀ ਪਈ। ਉੱਧਰ, ਸੁਨਾਮ ਰੇਲਵੇ ਸਟੇਸ਼ਨ ’ਤੇ ਚੁਰੂ-ਲੁਧਿਆਣਾ ਯਾਤਰੀ ਰੇਲਗੱਡੀ ਵੀ ਕਈ ਘੰਟਿਆਂ ਤੱਕ ਖੜ੍ਹੀ ਰਹੀ। ਰੇਲਗੱਡੀ ਵਿੱਚ ਬੈਠੇ ਯਾਤਰੀਆਂ ਨੂੰ ਵੀ ਰੇਲਵੇ ਟਰੈਕ ਖੁੱਲ੍ਹਣ ਦੀ ਉਡੀਕ ਕਰਨੀ ਪਈ। ਸੰਗਰੂਰ ਸਟੇਸ਼ਨ ’ਤੇ ਬੈਠੇ ਯਾਤਰੀ ਪ੍ਰਹਿਲਾਦ ਰਾਮ, ਰੋਹਤਾਸ ਕੁਮਾਰ, ਬਿਮਲਾ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲੁਧਿਆਣਾ ਜਾਣਾ ਸੀ, ਪਰ ਰੇਲਗੱਡੀ ਨਹੀਂ ਪਹੁੰਚੀ। ਕਈ ਘੰਟੇ ਉਡੀਕ ਕਰਦਿਆਂ ਲੰਘ ਗਏ ਹਨ, ਪਰ ਇੱਕ ਤੋਂ ਬਾਅਦ ਇੱਕ ਰੇਲ ਗੱਡੀਆਂ ਰੱਦ ਹੋ ਰਹੀਆਂ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਵਾਰ-ਵਾਰ ਪੁੱਛਗਿੱਛ ਕੇਂਦਰ ’ਤੇ ਜਾ ਕੇ ਰੇਲਗੱਡੀ ਦੇ ਚੱਲਣ ਸਬੰਧੀ ਜਾਣਕਾਰੀ ਲੈ ਰਹੇ ਹਨ, ਪਰ ਰੇਲਵੇ ਅਧਿਕਾਰੀ ਵੀ ਇਸ ਸਮੱਸਿਆ ਦਾ ਹੱਲ ਕਰਨ ਵਿੱਚ ਅਸਮਰੱਥਤਾ ਪ੍ਰਗਟਾ ਰਹੇ ਹਨ। ਰੇਲ ਆਵਾਜਾਈ ਪ੍ਰਭਾਵਿਤ ਹੋਣ ਦਾ ਅਸਰ ਮਾਲ ਗੱਡੀਆਂ ’ਤੇ ਵੀ ਪਿਆ। ਸੰਗਰੂਰ ਰੇਲਵੇ ਸਟੇਸ਼ਨ ’ਤੇ ਸ਼ਾਮ ਚਾਰ ਵਜੇ ਤੱਕ ਦੋ ਮਾਲ ਗੱਡੀਆਂ ਖੜ੍ਹੀਆਂ ਰਹੀਆਂ। ਯਾਤਰੀ ਰੇਲ ਗੱਡੀਆਂ ਰੱਦ ਹੋਣ ਕਾਰਨ ਸਟੇਸ਼ਨ ’ਤੇ ਯਾਤਰੀ ਉਡੀਕ ਕਰਦੇ ਮਿਲੇ। ਕਈ ਯਾਤਰੀ ਆਪਣੇ ਸਾਮਾਨ ਸਮੇਤ ਘੰਟਿਆਂ ਤੱਕ ਪਲੇਟਫਾਰਮ ’ਤੇ ਬੈਠੇ ਰਹੇ ਅਤੇ ਰੇਲਵੇ ਟਰੈਕ ਖੁੱਲ੍ਹਣ ਦੀ ਉਡੀਕ ਕਰਦੇ ਰਹੇ। ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਣ ਨਾਲ ਸੰਗਰੂਰ, ਸੁਨਾਮ ਅਤੇ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਯਾਤਰੀਆਂ ਨੇ ਦੱਸਿਆ ਕਿ ਰੇਲਗੱਡੀਆਂ ਰੱਦ ਹੋਣ ਕਾਰਨ ਉਨ੍ਹਾਂ ਦੀਆਂ ਜ਼ਰੂਰੀ ਯਾਤਰਾਵਾਂ ਪ੍ਰਭਾਵਿਤ ਹੋਈਆਂ ਅਤੇ ਉਨ੍ਹਾਂ ਨੂੰ ਵਾਧੂ ਸਮਾਂ ਅਤੇ ਖਰਚਾ ਕਰਕੇ ਹੋਰ ਸਾਧਨਾਂ ਰਾਹੀਂ ਸਫ਼ਰ ਕਰਨ ਲਈ ਮਜਬੂਰ ਹੋਣਾ ਪਿਆ।