- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਗਦੜਿਆਣੀ ’ਚ ਲੱਗਿਆ ਕਿਸਾਨ ਜਾਗਰੂਕਤਾ ਕੈਂਪ

ਅਧਿਕਾਰੀਆਂ ਨੇ ਪਰਾਲੀ ਪ੍ਰਬੰਧਨ 'ਤੇ ਦਿੱਤਾ ਜ਼ੋਰ
ਸੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਨੇੜਲੇ ਪਿੰਡ ਗਦੜਿਆਣੀ ਵਿਖੇ ਪਰਾਲੀ ਪ੍ਰਬੰਧਨ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਜਿਸ ਵਿੱਚ 80 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਕੈਂਪ ਦੌਰਾਨ ਡਾ. ਮਨਦੀਪ ਸਿੰਘ, ਇੰਚਾਰਜ, ਪੀਏਯੂ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਫਸਲਾਂ ਦੀ ਰਹਿੰਦ-ਖੂੰਹਦ (ਪਰਾਲੀ) ਦੇ ਇਨ-ਸਿਟੂ ਪ੍ਰਬੰਧਨ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਹੀ ਇਸ ਦਾ ਯੋਗ ਪ੍ਰਬੰਧਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ‘ਸੁਪਰ ਸੀਡਰ’, ‘ਹੈਪੀ ਸੀਡਰ’, ‘ਸਮਾਰਟ ਸੀਡਰ’, ‘ਸਰਫੇਸ ਸੀਡਰ’ ਅਤੇ ਹੋਰ ਅਜਿਹੀਆਂ ਖੇਤੀ ਮਸ਼ੀਨਾਂ ਦੀ ਵਰਤੋਂ ਕਰਕੇ ਫਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਮਿੱਟੀ ਪਰਖ ਦੇ ਨਤੀਜਿਆਂ ਦੇ ਆਧਾਰ ’ਤੇ ਸੰਤੁਲਿਤ ਅਤੇ ਸਮਝਦਾਰੀ ਨਾਲ ਖਾਦਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਬੇਲੋੜੀ ਖਾਦ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ। ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜ਼ ਦੀ ਸੋਧ ਅਤੇ ਬਿਮਾਰੀਆਂ ਦੀ ਏਕਿਕ੍ਰਿਤ ਰੋਕਥਾਮ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਰਵਿੰਦਰ ਕੌਰ, ਸਹਿਯੋਗੀ ਪ੍ਰੋਫੈਸਰ ਬਾਗਬਾਨੀ ਨੇ ਕਿਸਾਨਾਂ ਨੂੰ ਪੌਸ਼ਟਿਕ ਸੁਰੱਖਿਆ ਲਈ ਘਰੇਲੂ ਪੱਧਰ ’ਤੇ ਸਬਜ਼ੀ ਅਤੇ ਫ਼ਲਦਾਰ ਬਗੀਚੀ ਲਾਉਣ ਲਈ ਪ੍ਰੇਰਿਤ ਕੀਤਾ। ਇਸ ਕੈਂਪ ਵਿੱਚ ਪਿੰਡ ਦੀ ਸਹਿਕਾਰੀ ਸਭਾ ਦੇ ਸਕੱਤਰ ਗੁਰਮੀਤ ਸਿੰਘ ਅਤੇ ਸਮੂਹ ਕਰਮਚਾਰੀਆਂ ਨੇ ਭਾਗ ਲਿਆ। ਜਗਦੀਪ ਸਿੰਘ, ਅਗਾਂਹਵਧੂ ਫੁੱਲ ਉਤਪਾਦਕ ਨੇ ਵਿਸ਼ੇਸ਼ ਤੌਰ ’ਤੇ ਯਤਨ ਕਰਕੇ ਕੈਂਪ ਦੇ ਸਮੁੱਚੇ ਪ੍ਰਬੰਧ ਕੀਤੇ। ਕੈਂਪ ਵਿੱਚ ਸ਼ਿਰਕਤ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਖੇਤੀ ਸਹਿਤ ਅਤੇ ਕਣਕ ਦੇ ਬੀਜ ਨੂੰ ਲਾਉਣ ਵਾਲਾ ਜੀਵਾਣੂੰ ਖਾਦ ਦਾ ਟੀਕਾ ਮੁਹੱਈਆ ਕਰਵਾਇਆ ਗਿਆ।