ਕਿਸਾਨਾਂ-ਮਜ਼ਦੂਰਾਂ ਦਾ ਪੱਕਾ ਮੋਰਚਾ 12ਵੇਂ ਦਿਨ ਵੀ ਜਾਰੀ ਕਿਸਾਨਾਂ-ਮਜ਼ਦੂਰਾਂ ਦਾ ਪੱਕਾ ਮੋਰਚਾ 12ਵੇਂ ਦਿਨ ਵੀ ਜਾਰੀ
Publish Date: Thu, 10 Sep 2026 04:05 PM (IST)
Updated Date: Fri, 11 Sep 2026 04:02 AM (IST)
ਸੱਤਪਾਲ ਕਾਲਾਬੂਲਾ/ਲਾਡੇਵਾਲ, ਪੰਜਾਬੀ ਜਾਗਰਣ, ਮਾਲੇਰਕੋਟਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ |ਤੇ ਲਾਇਆ ਪੱਕਾ ਮੋਰਚਾ 12ਵੇਂ ਦਿਨ ਵੀ ਜਾਰੀ ਰਿਹਾ। ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਦੀ ਅਗਵਾਈ ਹੇਠ ਕਿਸਾਨ ਟਰੈਕਟਰ-ਟਰਾਲੀਆਂ ਅਤੇ ਰਾਸ਼ਨ-ਪਾਣੀ ਸਮੇਤ ਦਿਨ-ਰਾਤ ਮੋਰਚੇ ਵਿੱਚ ਡਟੇ ਹੋਏ ਹਨ। ਇਸ ਮੌਕੇ ਨਿਰਮਲ ਸਿੰਘ ਅਲੀਪੁਰ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ, ਲੈਂਡ ਪੂਲਿੰਗ ਨੀਤੀ, ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਜ਼ਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਨੂੰ ਮੁਆਵਜ਼ਾ ਅਤੇ ਪੁਲਿਸ ਜਬਰ ਸਮੇਤ ਹੋਰ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਲੈਂਡ ਪੂਲਿੰਗ ਨੀਤੀ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ। ਆਗੂਆਂ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਤੇ ਢੁੱਕਵਾਂ ਮੁਆਵਜ਼ਾ ਦੇਣ, ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣ, ਪੁਲਿਸ ਜਬਰ ਅਤੇ ਝੂਠੇ ਮੁਕਾਬਲੇ ਬੰਦ ਕਰਨ ਅਤੇ ਅੰਦੋਲਨਾਂ ਦੌਰਾਨ ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਆਬਾਦਕਾਰਾਂ ਤੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਅਤੇ ਹੜ੍ਹਾਂ ਤੇ ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਕਾਸ਼ਤਕਾਰਾਂ ਨੂੰ ਦੇਣ ਦੀ ਮੰਗ ਵੀ ਕੀਤੀ ਗਈ। ਮੋਰਚੇ ਵਿੱਚ ਜ਼ਿਲ੍ਹਾ ਆਗੂ ਸਰਬਜੀਤ ਸਿੰਘ ਭੁਰਥਲਾ, ਰਾਜਿੰਦਰ ਸਿੰਘ ਭੋਗੀਵਾਲ, ਰਛਪਾਲ ਸਿੰਘ ਫਰੀਦਪੁਰ, ਜਰਨੈਲ ਸਿੰਘ ਭੈਣੀ, ਗੁਰਮੀਤ ਕੌਰ ਕੁਠਾਲਾ ਹਾਜ਼ਰ ਸਨ।