- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਨੇ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ

ਸੁਨਾਮ ਵਿਖੇ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਦੂਜੇ ਦਿਨ ਵੀ ਜਾਰੀ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ,ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਉਨ੍ਹਾਂ ਨੂੰ ਵੀ ਸੜਕਾਂ ’ਤੇ ਆ ਕੇ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਮੰਗਲਵਾਰ ਨੂੰ ਸੁਨਾਮ ਵਿਖੇ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਧਰਨੇ ’ਤੇ ਬੈਠੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਮਨਜੀਤ ਸਿੰਘ ਨਿਆਲ ਅਤੇ ਜਸਵੀਰ ਸਿੰਘ ਮੈਦੇਵਾਸ ਨੇ ਆਖਿਆ ਕਿ ਸੂਬੇ ਦੀ ਸਰਕਾਰ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਕਾਹਲੀ ਹੋ ਰਹੀ ਹੈ।
ਕਿਸਾਨ ਅਜਿਹੇ ਕਾਨੂੰਨ ਲਾਗੂ ਨਹੀਂ ਕਰਨ ਦੇਣਗੇ। ਬੁਲਾਰਿਆਂ ਨੇ ਆਖਿਆ ਕਿ ਸੰਭੂ ਅਤੇ ਖਨੌਰੀ ਮੋਰਚੇ ਤੋਂ ਲੁੱਟਿਆ ਸਮਾਨ ਵਾਪਿਸ ਨਹੀਂ ਕੀਤਾ ਜਾ ਰਿਹਾ। ਕਰੀਬ ਪੌਣੇ ਚਾਰ ਕਰੋੜ ਰੁਪਏ ਦਾ ਸਮਾਨ ਸਮੇਤ ਟਰਾਲੀਆਂ ਲੈ ਗਏ ਸਨ। ਉਨ੍ਹਾਂ ਆਖਿਆ ਕਿ ਹਾਕਮ ਧਿਰ ਦੇ ਆਗੂਆਂ ਪਾਸੋਂ ਕੁੱਝ ਸਮਾਨ ਬਰਾਮਦ ਵੀ ਕੀਤਾ ਗਿਆ ਸੀ, ਪਰ ਹੁਣ ਤੱਕ ਨਹੀਂ ਮੋੜਿਆ ਗਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕੇਰਲਾ ਸਰਕਾਰ ਦੀ ਤਰਜ਼ ਤੇ ਪੰਜਾਬ ਦੇ ਕਿਸਾਨਾਂ ਨੂੰ ਮੱਕੀ,ਮੂੰਗੀ,ਆਲੂ, ਬਾਸਮਤੀ ਅਤੇ ਤੇਲ ਵਾਲੀਆਂ ਫਸਲਾਂ ਦੀ ਐਮਐਸਪੀ ਤੈਅ ਕਰਕੇ ਸਰਕਾਰੀ ਖਰੀਦ ਦੀ ਗਰੰਟੀ ਕਰਨ ਨੂੰ ਯਕੀਨੀ ਬਣਾਵੇ।
ਇਸ ਮੌਕੇ ਬਲਜੀਤ ਕੌਰ ਕਿਲਾ ਭਰੀਆਂ, ਗੁਰਦੇਵ ਸਿੰਘ ਗੱਜੂਮਾਜਰਾ, ਲਖਵੀਰ ਸਿੰਘ ਦਾਉਧਰ, ਕੁਲਵਿੰਦਰ ਸੋਨੀ ਲੌਂਗੋਵਾਲ, ਜਗਰਾਜ ਸਿੰਘ ਦੱਧਾਹੂਰ, ਜਰਨੈਲ ਸਿੰਘ ਕਿਸ਼ਨਗੜ੍ਹ, ਰਾਜ ਸਿੰਘ ਥੇੜੀ,ਪਰਵਿੰਦਰ ਸਿੰਘ , ਚਮਕੌਰ ਸਿੰਘ ਭੇਡਪੁਰਾ, ਜਗਦੇਵ ਸਿੰਘ ਭੈਣੀ ਬਾਘਾ, ਅਮਰ ਸਿੰਘ ਹਾਜ਼ਰ ਸਨ।