ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਪਿੰਡ ਉੱਗੋਕੇ ਵਿਖੇ ਕਬਜ਼ਾ ਵਰੰਟ ਰੁਕਵਾਇਆ
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਪਿੰਡ ਉੱਗੋਕੇ ਵਿਖੇ ਕਬਜ਼ਾ ਵਰੰਟ ਰੁਕਵਾਇਆ
Publish Date: Mon, 30 Mar 2026 05:25 PM (IST)
Updated Date: Tue, 31 Mar 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਉੱਗੋਕੇ ਦੀ ਸਾਬਕਾ ਸਰਪੰਚ ਸੁਰਜੀਤ ਕੌਰ ਦੇ ਘਰ ਦੀ ਕੁਰਕੀ ਕਰਨ ਲਈ ਪ੍ਰਸ਼ਾਸਨ ਨੇ ਪਹੁੰਚਣਾ ਸੀ ਜਿਸ ਦੀ ਭਿਣਕ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਪਹੁੰਚੀ ਤਾਂ ਉਨ੍ਹਾਂ ਨੇ ਪੀੜਤ ਦੇ ਘਰ ਅੱਗੇ ਧਰਨਾ ਲਗਾ ਕੇ ਸਰਕਾਰਾਂ ਤੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟ ਕਰਨਾ ਆਰੰਭ ਕਰ ਦਿੱਤਾ। ਧਰਨੇ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਅਜਾਦ ਦੇ ਮੱਖਣ ਸਿੰਘ ਰਾਮਗੜ੍ਹ, ਸ਼ਿੰਗਾਰਾ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਸਾਬਕਾ ਸਰਪੰਚ ਸੁਰਜੀਤ ਕੌਰ ਤੇ ਉਸ ਦੇ ਪੁੱਤਰ ਪ੍ਰਗਟ ਸਿੰਘ ਨਾਲ ਕਿਸੇ ਵੀ ਕੀਮਤ ’ਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੇ 2016 ’ਚ ਇਹ ਜਗ੍ਹਾ ਖਰੀਦੀ ਸੀ ਇਨ੍ਹਾਂ ਨੂੰ ਚੱਲ ਰਹੇ ਕੋਟ ਕੇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ, ਜਥੇਬੰਦੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਬੇਘਰ ਨਹੀਂ ਹੋਣ ਦੇਵਾਂਗੇ ਦੋਂਨੇਂ ਹੀ ਧਿਰਾਂ ਦਾ ਸਮਝੌਤਾ ਕਰਵਾਉਣ ਲਈ ਵੀ ਕੋਸ਼ਿਸ਼ ਕਰਾਂਗੇ। ਖ਼ਬਰ ਲਿਖੇ ਜਾਣ ਤੱਕ ਕਬਜ਼ਾ ਵਰੰਟ ਵਾਲੀ ਥਾਂ ’ਤੇ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਸੀ। ਇਸ ਮੌਕੇ ਗੁਰਚਰਨ ਸਿੰਘ ਭਦੌੜ,ਦਰਸ਼ਨ ਸਿੰਘ ਚੀਮਾ, ਜਰਨੈਲ ਸਿੰਘ ਢਿਲਵਾਂ, ਹਰੀ ਸਿੰਘ ਭਗਤਪੁਰਾ ਤੋਂ ਇਲਾਵਾ ਜੱਥੇਬੰਦੀਆਂ ਦੇ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ।