- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਥੰਮਣ ਸਿੰਘ ਵਾਲਾ ’ਚ ਮਨਾਇਆ ਖੇਤ ਦਿਵਸ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਸੰਗਰੂਰ ਜਿਲ੍ਹੇ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕਰ ਕੇ ਛੱਟੇ ਨਾਲ ਬੀਜੀ ਕਣਕ ’ਤੇ ਬਲਾਕ ਭਵਾਨੀਗੜ੍ਹ ਦੇ ਪਿੰਡ ਥੰਮਣ ਸਿੰਘ ਵਾਲਾ ਵਿਖੇ ਖੇਤ ਦਿਵਸ ਮਨਾਇਆ। ਇਸ ਮੌਕੇ ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੇ ਨਾੜ ਵਿੱਚ ਵੱਡੀ ਮਾਤਰਾ ਵਿੱਚ ਫ਼ਸਲਾਂ ਲਈ ਜ਼ਰੂਰੀ ਖ਼ੁਰਾਕੀ ਤੱਤ ਮੌਜੂਦ ਹੁੰਦੇ ਹਨ। ਨਾੜ ਸਾੜਨ ਨਾਲ ਜਿੱਥੇ ਇਸ ਵਿੱਚੋਂ ਨਾਈਟ੍ਰੋਜਨ ਅਤੇ ਗੰਧਕ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਜਾਂਦਾ ਹੈ ਉੱਥੇ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਟਨ ਪਰਾਲੀ ਸਾੜਨ ਨਾਲ 400 ਕਿੱਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫ਼ਾਸਫ਼ੋਰਸ, 25 ਕਿਲੋ ਪੋਟਾਸ਼, 1.2 ਕਿਲੋ ਸਲਫ਼ਰ ਤੱਤ ਨਸ਼ਟ ਹੋ ਜਾਂਦੇ ਹਨ। ਕਿਸਾਨ ਲਾਲ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਵਿਧੀ ਜਿਸ ਵਿੱਚ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਛੱਟੇ ਨਾਲ 1 ਏਕੜ ਰਕਬੇ 'ਤੇ ਕਣਕ ਦੀ ਬਿਜਾਈ ਕੀਤੀ ਗਈ ਹੈ। ਇਸ ਵਿਧੀ ਨੂੰ ਅਪਨਾਉਣ ਨਾਲ ਜਿੱਥੇ ਉਸ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਉੱਥੇ ਖੁਰਾਕੀ ਤੱਤਾਂ ਦੀ ਵੀ ਘੱਟ ਵਰਤੋਂ ਕੀਤੀ ਗਈ। ਇਸ ਵਿਧੀ ਵਿੱਚ ਨਦੀਨਾਂ ਖਾਸ ਤੌਰ ’ਤੇ ਗੁੱਲੀ-ਡੰਡੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦਾ ਹਮਲਾ ਵੀ ਘੱਟ ਦੇਖਣ ਨੂੰ ਮਿਲਿਆ। ਇਸ ਕਣਕ ਨੂੰ ਦੇਖਣ ਲਈ ਨੇੜਲੇ ਪਿੰਡ ਮੱਟਰਾਂ ਦੇ ਕਿਸਾਨ ਵੀ ਖੇਤ ਦਿਵਸ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਵੀ ਅਗਲੇ ਸਾਲ ਇਸ ਵਿਧੀ ਰਾਹੀਂ ਕਣਕ ਬੀਜਣ ਦੀ ਇੱਛਾ ਪ੍ਰਗਟਾਈ।
ਇਸ ਮੌਕੇ ਡਾ. ਕੁਮਾਰ ਨੇ ਕਿਸਾਨਾਂ ਨੂੰ ਅਗਲੀ ਫਸਲ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਮਿੱਟੀ ਪਰਖ ਕਰਵਾਉਣ ਲਈ ਪ੍ਰੇਰਿਆ ਅਤੇ ਮਿੱਟੀ ਪਰਖ ਲਈ ਨਮੂਨਾ ਲੈਣ ਦੇ ਢੰਗ ਨੂੰ ਵਿਸਥਾਰਪੂਰਵਕ ਸਾਂਝਾ ਕੀਤਾ। ਉਨ੍ਹਾਂ ਕਣਕ ਤੋਂ ਚੰਗਾ ਝਾੜ ਲੈਣ ਲਈ ਅਤੇ ਮੌਸਮੀ ਬਦਲਾਅ ਤੋਂ ਬਚਾਅ ਲਈ ਪੋਟਾਸ਼ੀਅਮ ਨਾਈਟ੍ਰੇਟ ਦੇ 2 ਫ਼ੀਸਦੀ ਦੇ ਛਿੜਕਾਅ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਅਸ਼ੋਕ ਨੇ ਕਿਸਾਨਾਂ ਨੂੰ ਆਪਣੇ ਘਰ ਖਾਣ ਵਾਲੀ ਸਬਜ਼ੀ ਆਪਣੀ ਹੀ ਘਰੇਲੂ ਬਗੀਚੀ ਵਿੱਚ ਉਗਾਉਣ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕਿਸਾਨ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਗੈਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਤਿਆਰ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਨੂੰ ਵਰਤ ਕੇ ਘਰ ਖਾਣ ਲਈ ਸਬਜ਼ੀ ਉਗਾ ਸਕਦੇ ਹਨ। ਇਸ ਕਿੱਟ ਵਿੱਚ 12 ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਜਿਵੇਂ ਕਿ ਖੀਰਾ, ਘੀਆ ਤੋਰੀ, ਲੋਬੀਆ, ਘੀਆ ਕੱਦੂ, ਕਰੇਲਾ, ਤਰਵੰਗਾ, ਟੀਂਡਾ, ਭਿੰਡੀ, ਹਲਵਾ ਕੱਦੂ, ਚੱਪਣ ਕੱਦੂ ਆਦਿ ਹੁੰਦੇ ਹਨ। ਇਹ ਕਿੱਟ ਸਿਰਫ 100 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੇ ਦਫ਼ਤਰ ਤੋਂ ਖ਼ਰੀਦੀ ਜਾ ਸਕਦੀ ਹੈ।