ਸੜਕ ਹਾਦਸੇ ਦਾ ਸ਼ਿਕਾਰ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਇਨਸਾਫ਼ ਦੀ ਮੰਗ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਇਨਸਾਫ਼ ਦੀ ਮੰਗ
Publish Date: Wed, 11 Nov 2026 06:16 PM (IST)
Updated Date: Thu, 12 Nov 2026 04:00 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਬਰਨਾਲਾ ਲੁਧਿਆਣਾ ਮੁੱਖ ਮਾਰਗ ਮਹਿਲ ਕਲਾਂ ਵਿਖੇ 07 ਨਵੰਬਰ ਨੂੰ ਵਾਪਰੇ ਸੜਕ ਹਾਦਸੇ ਚ ਜਖ਼ਮੀ ਹੋਏ ਦੋ ਨੌਜਵਾਨਾਂ ਚੋ ਇੱਕ ਨੌਜਵਾਨ ਦੀ ਦਿਵਾਲੀ ਦੀ ਰਾਤ ਨੂੰ ਮੌਤ ਹੋ ਗਈ ਸੀ ਪਰ ਅਜੇ ਤੱਕ ਦੋਸੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਕਰਕੇ ਪਰਿਵਾਰ ਨਾ ਹੀ ਪੋਸਟਮਾਰਟਮ ਤੇ ਨਾ ਹੀ ਅੰਤਿਮ ਸਸਕਾਰ ਲਈ ਰਾਜੀ ਹੋ ਰਿਹਾ ਹੈ। ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਿਰਾਸ ਮਿ੍ਤਕ ਨੌਜਵਾਨ ਦੇ ਪਰਿਵਾਰ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਦਾ ਐਲਾਨ ਕੀਤਾ ਹੈ। ਇਸ ਮੌਕੇ ਮਿ੍ਤਕ ਨੌਜਵਾਨ ਮਨਜਿੰਦਰ ਸਿੰਘ ਵਾਸੀ ਮਹਿਲ ਕਲਾਂ ਸੋਢੇ ਦੇ ਪਿਤਾ ਕੌਰਾ ਸਿੰਘ ਨੇ ਦੱਸਿਆ ਕਿ 07 ਨਵੰਬਰ ਨੂੰ ਲੁਧਿਆਣਾ-ਬਰਨਾਲਾ ਮੁੱਖ ਮਾਰਗ ਤੇ ਮੋਟਰਸਾਈਕਲ ਤੇ ਸਵਾਰ ਮੇਰੇ ਪੁੱਤਰ ਮਨਜਿੰਦਰ ਸਿੰਘ ਅਤੇ ਉਸਦੇ ਸਾਥੀ ਪ੍ਰਗਟ ਸਿੰਘ ਨੂੰ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਗਈ ਸੀ। ਇਸ ਹਾਦਸੇ ਚ ਬੁਰੀ ਤਰ੍ਹਾਂ ਜਖਮੀ ਦੋਵੇ ਨੌਜਵਾਨਾਂ ਇਲਾਜ ਲਈ ਏਮਜ ਹਸਪਤਾਲ ਲਿਜਾਇਆ ਗਿਆ। ਜਿੱਥੇ ਉਹਨਾਂ ਦੇ ਪੁੱਤਰ ਮਨਜਿੰਦਰ ਸਿੰਘ ਗੋਲਾ (33) ਦੀ ਦੀਵਾਲੀ ਵਾਲੀ ਰਾਤ ਮੌਤ ਹੋ ਗਈ ਸੀ। ਜਦਕਿ ਪ੍ਰਗਟ ਸਿੰਘ ਅਜੇ ਵੀ ਇਲਾਜ ਅਧੀਨ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਇਸ ਹਾਦਸੇ ਨੂੰ ਅੱਜ ਪੰਜ ਦਿਨ ਬੀਤ ਚੁੱਕੇ ਹਨ, ਪੁੱਤਰ ਦੀ ਲਾਸ ਹਸਪਤਾਲ ਪਈ ਹੈ, ਪਰ ਪੁਲਿਸ ਪ੍ਰਸਾਸਨ ਦੋਸੀ ਵਿਅਕਤੀ ਦੀ ਗਿ੍ਫ਼ਤਾਰੀ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਭਾਵੇਂਕਿ ਕਾਰ ਫੜ ਲਈ ਗਈ ਹੈ, ਪਰ ਦੋਸੀ ਨੂੰ ਅਜੇ ਤੱਕ ਸਾਹਮਣੇ ਨਹੀਂ ਲਿਆਦਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸੀ ਵਿਆਕਤੀ ਦੀ ਗਿ੍ਫ਼ਤਾਰੀ ਨਹੀਂ ਹੁੰਦੀ, ਉਹ ਨਾ ਹੀ ਲਾਸ਼ ਦਾ ਪੋਸਟਮਾਰਟਮ ਕਰਵਾਉਣਗੇ ਤੇ ਨਾ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ, ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਸੁਖਵਿੰਦਰ ਸਿੰਘ ਕਾਲਾ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਲਕੇ ਮਿਰਤਕ ਤੇ ਜ਼ਖ਼ਮੀ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਤੇ ਪਤਵੰਤੇ ਗੁਰਦੁਆਰਾ ਸਾਹਿਬ ਮੀਟਿੰਗ ਕਰਨ ਉਪਰੰਤ ਥਾਣਾ ਮਹਿਲ ਕਲਾਂ ਲਈ ਰਵਾਨਾ ਹੋਣਗੇ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਤਫਤੀਸੀ ਅਫ਼ਸਰ ਲਾਭ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕਾਰ ਨੂੰ ਕਬਜ਼ੇ ’ਚ ਲੈ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।