- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੈਕਟਰੀ ਤੇ ਛਾਪੇਮਾਰੀ, ਪਨੀਰ, ਦੇਸੀ ਘਿਓ ਤੇ ਕਰੀਮ ਬਰਾਮਦ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਸਥਾਨਕ ਸ਼ਹਿਰ ’ਚ ਸਿਹਤ ਵਿਭਾਗ ਵੱਲੋ ਕੀਤੀ ਛਾਪੇਮਾਰੀ ਦੌਰਾਨ ਇੱਕ ਫੈਕਟਰੀ ’ਚੋਂ ਕਰੀਬ 2 ਕੁਇੰਟਲ ਪਨੀਰ ਸਮੇਤ ਵੱਡੀ ਮਾਤਰਾ ’ਚ ਦੇਸੀ ਘਿਓ ਅਤੇ ਕਰੀਮ ਬਰਾਮਦ ਕੀਤੀ ਹੈ। ਮੌਕੇ ’ਤੇ ਮੌਜੂਦ ਐਸਡੀਐਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲਹਿਰਾਗਾਗਾ ਵਿੱਚ ਕਈ ਫੈਕਟਰੀਆਂ ਵਿੱਚ ਨਕਲੀ ਪਨੀਰ, ਦੁੱਧ ਅਤੇ ਘੀ ਤਿਆਰ ਹੋ ਰਿਹਾ ਹੈ। ਜਿਸ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੈਂਪਲ ਫੇਲ੍ਹ ਹੋਣ ’ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਵੀ ਦੱਸਣਯੋਗ ਹੈ ਕਿ ਫੂਡ ਸੇਫਟੀ ਵਿਭਾਗ ਜ਼ਿਆਦਾਤਰ ਸੁੱਤਾ ਹੀ ਰਹਿੰਦਾ ਹੈ ਪਰੰਤੂ ਤਿਉਹਾਰਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਫੂਡ ਸੇਫਟੀ ਵਿਭਾਗ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਮੁਤਾਬਿਕ ਹੋਰ ਫੈਕਟਰੀਆਂ ਵਾਂਗ ਇਸ ਖ਼ਿਲਾਫ਼ ਵੀ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਫਿਲਹਾਲ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਜਾ ਰਹੇ ਹਨ।
ਐੱਸਡੀਐੱਮ ਰਾਕੇਸ਼ ਪ੍ਰਕਾਸ਼ ਅਤੇ ਫੂਡ ਸੇਫਟੀ ਅਫਸਰ ਸੀਮਾ ਰਾਣੀ ਦੀ ਟੀਮ ਨੇ ਸਟੇਡੀਅਮ ਰੋਡ ਦੇ ਸਾਹਮਣੇ ਸਥਿਤ ਦੁੱਧ ਉਤਪਾਦਾਂ ਵਾਲੀ ਇੱਕ ਫੈਕਟਰੀ ਵਿੱਚ ਅਚਾਨਕ ਛਾਪੇਮਾਰੀ ਕਰ ਦਿੱਤੀ। ਛਾਪੇਮਾਰੀ ਦੌਰਾਨ ਫੈਕਟਰੀ ਵਿੱਚ ਕਰੀਬ ਦੋ ਕੁਇੰਟਲ ਪਨੀਰ ਅਤੇ ਵੱਡੀ ਮਾਤਰਾ ਵਿੱਚ ਦੇਸੀ ਘਿਓ ਤੇ ਕਰੀਮ ਪਾਈ ਗਈ। ਫੂਡ ਸੇਫਟੀ ਵਿਭਾਗ ਵੱਲੋਂ ਪਨੀਰ, ਦੇਸੀ ਘਿਓ, ਦਹੀਂ, ਕਰੀਮ ਅਤੇ ਪਨੀਰ ਮੇਕਰ ਦੇ ਸੈਂਪਲ ਲਏ ਗਏ ਹਨ।
ਉੱਧਰ, ਫੂਡ ਸੇਫਟੀ ਵਿਭਾਗ ਵੱਲੋਂ ਫੈਕਟਰੀ ਵਿੱਚ ਤਿਆਰ ਕੀਤੇ ਜਾ ਰਹੇ ਦੁੱਧ ਉਤਪਾਦਾਂ ਦੀ ਗੁਣਵੱਤਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸਡੀਐੱਮ ਰਾਕੇਸ਼ ਪ੍ਰਕਾਸ਼ ਨੇ ਸਪੱਸ਼ਟ ਕੀਤਾ ਕਿ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਜਾਵੇਗਾ ਅਤੇ ਜੇਕਰ ਜਾਂਚ ਰਿਪੋਰਟ ਵਿੱਚ ਕੋਈ ਖਾਮੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਫੈਕਟਰੀ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਅਤੇ ਫੈਕਟਰੀ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕਾਂ ਨੂੰ ਸਾਫ਼-ਸੁਥਰਾ ਅਤੇ ਮਿਆਰੀ ਖਾਣ-ਪੀਣ ਦਾ ਸਾਮਾਨ ਹੀ ਮੁਹੱਈਆ ਕਰਵਾਇਆ ਜਾਵੇ।