ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਦਿੱਤਾ ਮੰਗ ਪੱਤਰ
ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਦਿੱਤਾ ਮੰਗ ਪੱਤਰ
Publish Date: Wed, 28 Jan 2026 06:31 PM (IST)
Updated Date: Wed, 28 Jan 2026 06:34 PM (IST)

- ਕਿਹਾ, ਸੁਪਰੀਮ ਕੋਰਟ ਦੇ ਹੁਕਮਾਂ ਦੀ ਤਾਮੀਲ ਕਰੇ ਸਰਕਾਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਹੱਕੀ ਅਤੇ ਜਾਇਜ਼ ਮੰਗਾਂ ਪੂਰੀਆਂ ਕਰਨ ਦੀ ਮੰਗ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਬੁੱਧਵਾਰ ਨੂੰ ਸੁਨਾਮ ਵਿਖੇ ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਨੂੰ ਮੰਗ ਪੱਤਰ ਸੌਂਪਿਆ। ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਰਾਹੀਂ ਸਰਕਾਰ ਨੂੰ ਭੇਜੇ ਮੰਗ ਪੱਤਰ ਵਿੱਚ ਐਸੋਸੀਏਸ਼ਨ ਦੀ ਪ੍ਰਧਾਨ ਗੁਰਵਿੰਦਰ ਕੌਰ, ਇੰਚਾਰਜ ਤ੍ਰਿਸਨਜੀਤ ਕੌਰ, ਜਸਵਿੰਦਰ ਕੌਰ, ਗੁਰਰਾਜ ਕੌਰ, ਲਛਮੀ ਦੇਵੀ, ਰਮਿੰਦਰ ਕੌਰ ਅਤੇ ਲਖਵਿੰਦਰ ਕੌਰ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਤੁਰੰਤ ਕਦਮ ਚੁੱਕੇ। ਉਨ੍ਹਾਂ ਆਖਿਆ ਕਿ ਮੁਲਕ ਦੀ ਸਿਖਰਲੀ ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਆਂਗਨਵਾੜੀ ਵਰਕਰ ਨੂੰ ਦਰਜਾ ਤਿੰਨ ਅਤੇ ਹੈਲਪਰ ਨੂੰ ਦਰਜਾ ਚਾਰ ਕਰਮਚਾਰੀ ਮੰਨ ਕੇ ਪੂਰੇ ਗਰੇਡ ਅਨੁਸਾਰ ਤਨਖਾਹ ਦੇਣ ਨੂੰ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਦਾਲਤ ਦੇ ਹੁਕਮ ਲਾਗੂ ਨਹੀਂ ਕੀਤੇ ਜਾਂਦੇ, ਉਦੋਂ ਤਕ ਘੱਟੋ ਘੱਟ ਉਜਰਤ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਵਿੱਢੇਗੀ।