- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਸੀ ਨੂੰ ਸਮਰਪਿਤ ਸਮਾਗਮ ਸ਼ੁਰੂ, ਤਿੰਨ ਰੋਜਾ ਮੇਲਾ ਕੱਲ੍ਹ ਤੋਂ

ਜਸਵੀਰ ਸਿੰਘ, ਪੰਜਾਬੀ ਜਾਗਰਣ
ਸੰਗਰੂਰ : ਸੰਤ ਅਤਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ 30, 31 ਜਨਵਰੀ ਤੋਂ 1 ਫਰਵਰੀ ਤਕ ਸ੍ਰੀ ਮਸਤੁਆਣਾ ਸਾਹਿਬ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਵਾਰ ਸੰਤ ਮਹਾਰਾਜ ਜੀ ਦੀ 99ਵੀਂ ਬਰਸੀ ਇਲਾਕੇ ਦੀ ਸੰਗਤ ਵੱਲੋਂ ਭਰਪੂਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਤਿੰਨ ਦਿਨ ਚੱਲਣ ਵਾਲੇ ਗੁਰਮਤਿ ਸਮਾਗਮ ਵਿੱਚ ਪੰਜਾਬ ਸਮੇਤ ਹਰਿਆਣਾ ਅਤੇ ਰਾਜਸਥਾਨ ਦੀਆਂ ਲੱਖਾਂ ਸੰਗਤਾਂ ਨਤਮਸਤਕ ਹੋਣ ਲਈ ਗੁਰਸਾਗਰ ਮਸਤੁਆਣਾ ਸਾਹਿਬ ਪੁੱਜਣਗੀਆਂ। ਮੇਲੇ ਦੇ ਮੱਦਨਜ਼ਰ ਗੁਰੂਘਰ ਨੂੰ ਖੂਬਸੂਰਤ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਬਾਹਰਲੇ ਪਾਸੇ ਖੁੱਲ੍ਹੇ ਮੈਦਾਨ ਵਿੱਚ ਬੱਚਿਆਂ ਲਈ ਝੂਲੇ, ਖਾਣ-ਪੀਣ ਅਤੇ ਖਿਡੌਣਿਆਂ ਦੀਆਂ ਸਟਾਲਾਂ ਲਾਈਆਂ ਜਾ ਰਹੀਆਂ ਹਨ।
ਅਕਾਲ ਕੌਂਸਲ ਮਸਤੁਆਣਾ ਸਾਹਿਬ ਦੇ ਪ੍ਰਧਾਨ ਕਾਕਾ ਸਿੰਘ ਅਤੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ 30 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣਗੇ। ਰਾਤ ਨੂੰ ਛੋਟੇ ਬੱਚਿਆਂ ਦੇ ਧਾਰਮਿਕ ਢਾਡੀ ਮੁਕਾਬਲੇ ਹੋਣਗੇ। ਇਸ ਉਪਰੰਤ ਗਿਆਨੀ ਜਗਤਾਰ ਸਿੰਘ ਦਮਦਮਾ ਸਾਹਿਬ ਵਾਲੇ, ਬਾਬਾ ਕਸ਼ਮੀਰਾ ਸਿੰਘ, ਮਾਨ ਸਿੰਘ ਅਤੇ ਈਸ਼ਰ ਸਿੰਘ ਹੈਦਰਾਬਾਦ ਵਾਲੇ ਸੰਗਤ ਨੂੰ ਸ਼ਬਦ ਗੁਰਬਾਣੀ ਨਾਲ ਨਿਹਾਲ ਕਰਨਗੇ। 31 ਜਨਵਰੀ ਨੂੰ ਸੰਤ ਕਿਸ਼ਨ ਸਿੰਘ ਯਾਦਗਾਰੀ ਖੇਡ ਮੈਦਾਨ ਵਿੱਚ ਰੈਣ ਸਬਾਈ ਕੀਰਤਨ ਹੋਵੇਗਾ। ਇਸ ਦੌਰਾਨ ਬਾਬਾ ਬਲਜੀਤ ਸਿੰਘ ਫੱਕਰ ਅਤੇ ਮਲਕੀਤ ਸਿੰਘ ਵੱਲੋਂ ਕਥਾ ਕੀਤੀ ਜਾਵੇਗੀ। 1 ਫਰਵਰੀ ਨੂੰ ਸਵੇਰੇ 2 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 30 ਜਨਵਰੀ ਨੂੰ ਗੁਰਦੁਆਰਾ ਜੋਤੀ ਸਰੂਪ ਸੰਗਰੂਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਸੰਗਰੂਰ ਦੇ ਵੱਖ-ਵੱਖ ਹਿੱਸਿਆਂ ਅਤੇ ਪਿੰਡਾਂ ਵਿਚੋਂ ਹੁੰਦਾ ਹੋਇਆ ਮਸਤੁਆਣ ਸਾਹਿਬ ਪੁੱਜੇਗਾ।
ਵੱਖ-ਵੱਖ ਥਾਵਾਂ ’ਤੇ ਲਾਏ ਜਾਣਗੇ ਲੰਗਰ : ਬਰਸੀ ਸਮਾਗਮ ਦੇ ਮੱਦੇਨਜ਼ਰ ਪੰਜ ਕਿਲੋਮੀਟਰ ਲੰਮੇ ਰਸਤੇ ਦੌਰਾਨ ਬਰਨਾਲਾ ਕੈਚੀਆਂ, ਪੁਲਿਸ ਲਾਈਨ, ਬੱਗੂਆਣਾ, ਗਊਸ਼ਾਲਾ ਰੋਡ, ਮਾਡਲ ਟਾਊਨ, ਬਡਰੂਖਾਂ ਆਦਿ ਥਾਵਾਂ ’ਤੇ ਸੰਗਤਾਂ ਲਈ ਲੰਗਰ ਲਾਏ ਜਾਣਗੇ। ਪ੍ਰਬੰਧਕ ਅਵਤਾਰ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ 30, 31 ਜਨਵਰੀ ਅਤੇ 1 ਫਰਵਰੀ ਤਕ ਚੱਲਣ ਵਾਲੇ ਸਮਾਗਮ ਦੌਰਾਨ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਲੰਗਰ, ਦਵਾਈਆਂ, ਪਾਰਕਿੰਗ ਅਤੇ ਆਰਾਮ ਘਰਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਚੱਪੇ-ਚੱਪੇ ’ਤੇ ਤਾਇਨਾਤ ਰਹੇਗੀ ਪੁਲਿਸ : ਤਿੰਨ ਰੋਜ਼ਾ ਜੋੜ ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬੁਲੇਟ ਮੋਟਰਸਾਈਕਲਾਂ ’ਤੇ ਪਟਾਖੇ ਚਲਾਉਣ ਵਾਲਿਆਂ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਸੜਕ ਪਾਰ ਕਰਨ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹਾਈਵੇ ਦੇ ਦੋਹਾਂ ਪਾਸਿਆਂ ’ਤੇ ਬੈਰੀਕੇਡ ਲਾਏ ਗਏ ਹਨ।