ਈਟੀਟੀ 2364 ਅਧਿਆਪਕ ਯੂਨੀਅਨ ਵੱਲੋਂ 29 ਨੂੰ ਰੋਸ ਧਰਨੇ ਦਾ ਐਲਾਨ ਈਟੀਟੀ 2364 ਅਧਿਆਪਕ ਯੂਨੀਅਨ ਵੱਲੋਂ 29 ਨੂੰ ਰੋਸ ਧਰਨੇ ਦਾ ਐਲਾਨ
Publish Date: Mon, 23 Nov 2026 03:37 PM (IST)
Updated Date: Mon, 23 Nov 2026 03:40 PM (IST)
300 ਤੋਂ 400 ਕਿਲੋਮੀਟਰ ਦੂਰ ਡਿਊਟੀਆਂ ਨਿਭਾਅ ਰਹੇ ਅਧਿਆਪਕਾਂ ਨੂੰ ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣ ਦੀ ਮੰਗ ਹਰਜੀਤ ਸਿੰਘ,ਪੰਜਾਬੀ ਜਾਗਰਣ, ਖਨੌਰੀ : ਈਟੀਟੀ 2364 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣ ਦੀ ਮੰਗ ਨੂੰ ਲੈ ਕੇ 29 ਨਵੰਬਰ ਨੂੰ ਗੰਭੀਰਪੁਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ। ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਈਟੀਟੀ 2364 ਭਰਤੀ ਅਧੀਨ ਨਿਯੁਕਤ ਅਧਿਆਪਕਾਂ ਨੂੰ ਵੀ ਹੋਰਨਾਂ ਭਰਤੀਆਂ ਦੀ ਤਰ੍ਹਾਂ ਬਦਲੀਆਂ ਦਾ ਇੱਕ ਵਿਸ਼ੇਸ਼ ਮੌਕਾ ਦਿੱਤਾ ਜਾਵੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਭਰਤੀ ਤਹਿਤ ਨਿਯੁਕਤ ਅਧਿਆਪਕਾਂ ਨੂੰ ਸੇਵਾਵਾਂ ਸੰਭਾਲਿਆਂ ਲਗਭਗ ਡੇਢ ਸਾਲ ਬੀਤ ਚੁੱਕਾ ਹੈ, ਪਰ ਬਹੁਤ ਸਾਰੇ ਅਧਿਆਪਕ ਅਜੇ ਵੀ ਆਪਣੇ ਘਰਾਂ ਤੋਂ 300 ਤੋਂ 400 ਕਿਲੋਮੀਟਰ ਦੂਰ ਸਥਿਤ ਸਕੂਲਾਂ ਵਿੱਚ ਡਿਊਟੀਆਂ ਨਿਭਾ ਰਹੇ ਹਨ। ਲੰਮੀ ਦੂਰੀ ਕਾਰਨ ਉਨ੍ਹਾਂ ਨੂੰ ਆਉਣ-ਜਾਣ ਦੇ ਨਾਲ-ਨਾਲ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਖਿਆ ਵਿਭਾਗ ਵੱਲੋਂ ਹੋਰਨਾਂ ਭਰਤੀਆਂ ਦੇ ਅਧਿਆਪਕਾਂ ਨੂੰ ਬਦਲੀਆਂ ਦੇ ਮੌਕੇ ਦਿੱਤੇ ਜਾ ਰਹੇ ਹਨ ਤਾਂ ਈਟੀਟੀ 2364 ਭਰਤੀ ਦੇ ਅਧਿਆਪਕਾਂ ਨੂੰ ਵੀ ਇਸ ਸਹੂਲਤ ਦਾ ਲਾਭ ਮਿਲਣਾ ਚਾਹੀਦਾ ਹੈ। ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣਾ ਉਨ੍ਹਾਂ ਦੀ ਜਾਇਜ਼ ਮੰਗ ਹੈ, ਜਿਸ ਨੂੰ ਸਰਕਾਰ ਅਤੇ ਵਿਭਾਗ ਵੱਲੋਂ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸੇ ਮੰਗ ਨੂੰ ਲੈ ਕੇ 29 ਨਵੰਬਰ ਨੂੰ ਗੰਭੀਰਪੁਰ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਅਧਿਆਪਕ ਸਾਥੀਆਂ ਨੂੰ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਕਜੁੱਟ ਸੰਘਰਸ਼ ਰਾਹੀਂ ਹੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਸਕਦੀ ਹੈ। ਇਸ ਮੌਕੇ ਯੂਨੀਅਨ ਆਗੂ ਹਰਜੀਤ ਬੁਢਲਾਢਾ, ਮਨਪ੍ਰੀਤ ਸਿੰਘ ਮਾਨਸਾ, ਕੁਲਦੀਪ ਚਾਹਲ, ਵਰਿੰਦਰ ਸਿੰਘ, ਹੀਰਾ ਲਾਧੂਕਾ, ਨਵਨੀਤ ਜੋਸ਼ਨ, ਗੁਰਸੇਵ ਸਿੰਘ ਅਤੇ ਗੁਰਜੀਵਨ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣ ਸਬੰਧੀ ਜਲਦ ਫੈਸਲਾ ਲਿਆ ਜਾਵੇ।