ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
Publish Date: Thu, 02 Apr 2026 06:04 PM (IST)
Updated Date: Fri, 03 Apr 2026 04:13 AM (IST)

ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ ’ਚ ਵੱਡਾ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ : ਪੈਨਸਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਮਹਿਲਕਲਾਂ ਦੀ ਮੀਟਿੰਗ ਕਸਬਾ ਮਹਿਲਕਲਾਂ ਵਿਖੇ ਯੂਨਿਟ ਪ੍ਰਧਾਨ ਮਾਸਟਰ ਦਰਸ਼ਨ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮਸਲਿਆਂ ’ਤੇ ਚਰਚਾ ਕੀਤੀ ਗਈ ਤੇ ਮੀਟਿੰਗ ਉਪਰੰਤ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਯੂਨਿਟ ਪ੍ਰਧਾਨ ਮਾਸਟਰ ਦਰਸ਼ਨ ਸਿੰਘ ਪੰਡੋਰੀ, ਜਰਨਲ ਸਕੱਤਰ ਸੁਰਿੰਦਰ ਸ਼ਰਮਾ ਰਾਏਸਰ, ਖਜ਼ਾਨਚੀ ਪਵਨ ਕੁਮਾਰ, ਸਹਾਇਕ ਖਜ਼ਾਨਚੀ ਨੱਥਾ ਸਿੰਘ ਮਹਿਲ ਖੁਰਦ, ਬਖਤੌਰ ਸਿੰਘ ਮੂੰਮ ਤੇ ਅਮਰਜੀਤ ਸਿੰਘ ਮਹਿਲ ਖੁਰਦ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ ਤੇ ਮੰਤਰੀਆਂ, ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਮੰਗਾਂ ਵੱਲ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਪੈਨਸ਼ਨਰਾਂ ’ਚ ਸਰਕਾਰ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਅਹੁਦੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਡੀਏ ਦੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ 16 ਫੀਸਦੀ ਤੁਰੰਤ ਜਾਰੀ ਕੀਤੀਆਂ ਜਾਣ, 2.59 ਫੈਕਟਰ ਲਾਗੂ ਕੀਤਾ ਜਾਵੇ, ਫਿਕਸ ਮੈਡੀਕਲ ਭੱਤਾ ਵਧਾਇਆ ਜਾਵੇ ਤੇ ਹੋਰ ਭੱਤਿਆਂ ’ਚ ਵਾਧਾ ਕਰ ਕੇ ਘੱਟੋ-ਘੱਟ 2000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ 8 ਮਾਰਚ 2026 ਨੂੰ ਮੋਹਾਲੀ ਵਿਖੇ ਆਪਣੀਆਂ ਮੰਗਾਂ ਲਈ ਕੀਤੇ ਗਏ ਪ੍ਰਦਰਸ਼ਨ ਦੌਰਾਨ ਪੈਨਸ਼ਨਰਾਂ ਤੇ ਮੁਲਾਜ਼ਮਾਂ ਉੱਤੇ ਗੰਦੇ ਪਾਣੀ ਦੀ ਬੁਛਾੜ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਜਿਸ ਨਾਲ ਕਈ ਪੈਨਸ਼ਨਰ, ਮੁਲਾਜ਼ਮ ਤੇ ਮਹਿਲਾਵਾਂ ਜ਼ਖ਼ਮੀ ਹੋਏ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਦੇ ਪੈਨਸ਼ਨਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੀਟਿੰਗ ’ਚ ਚਿਤਾਵਨੀ ਦਿੱਤੀ ਗਈ ਕਿ ਜੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸਮੁੱਚੀਆਂ ਪੈਨਸ਼ਨਰ ਜਥੇਬੰਦੀਆਂ ਇਕੱਠੀਆਂ ਹੋ ਕੇ ਪੰਜਾਬ ਭਰ ’ਚ ਵੱਡਾ ਸੰਘਰਸ਼ ਛੇੜਣਗੀਆਂ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਜਥੇਬੰਦੀ ਦੇ ਆਗੂ ਦਲੀਪ ਸਿੰਘ ਠੁੱਲੀਵਾਲ, ਸੋਹਣ ਸਿੰਘ ਮਹਿਲ ਕਲਾਂ, ਨਿਰਪਾਲ ਸਿੰਘ ਜਲਾਲਦੀਵਾਲ, ਸੁਰਿੰਦਰ ਸਿੰਘ, ਜੀਤ ਸਿੰਘ ਕੁਰੜ, ਬਲਦੇਵ ਸਿੰਘ, ਜੋਰਾ ਸਿੰਘ (ਮਹਿਲ ਖੁਰਦ), ਦਲਵੀਰ ਸਿੰਘ (ਵਜੀਦਕੇ ਖੁਰਦ), ਵਰਿੰਦਰ ਸਿੰਘ, ਇੰਦਰਜੀਤ ਸਿੰਘ, ਹਰਬੰਸ ਸਿੰਘ, ਭੋਲਾ ਸਿੰਘ, ਹਾਕਮ ਸਿੰਘ ਖਿਆਲੀ, ਬਰਿੰਦਰ ਸਿੰਘ, ਦਲਬੀਰ ਸਿੰਘ ਵਜੀਦਕੇ, ਬਲਦੇਵ ਸਿੰਘ ਸਹਿਜੜਾ, ਜੱਗਾ ਸਿੰਘ ਮਹਿਲ ਖੁਰਦ ਅਤੇ ਹੋਰ ਕਈ ਮੈਂਬਰ ਹਾਜ਼ਰ ਸਨ।