- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਬਜ਼ੇ ਹਟਾਉਣ ਦੀ ਕਾਰਵਾਈ ਸ਼ੰਕਾ ਦੇ ਘੇਰੇ ’ਚ, ਦੁਕਾਨਦਾਰਾਂ ਨੇ ਲਾਏ ਪੱਖਪਾਤ ਦੇ ਦੋਸ਼

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਨਗਰ ਕੌਂਸਲ ਅਹਿਮਦਗੜ੍ਹ ਵੱਲੋਂ ਸ਼ਹਿਰ ਵਿੱਚ ਕਬਜ਼ੇ ਹਟਾਉਣ ਲਈ ਸ਼ੁਰੂ ਕੀਤੀ ਗਈ ਕਾਰਵਾਈ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਈ, ਜਦੋਂ ਇਸ ਕਾਰਵਾਈ ਦੌਰਾਨ ਉੱਚ ਅਧਿਕਾਰੀਆਂ ਦੀ ਮੌਜੂਦਗੀ ਨਾ ਹੋਣ ਨੂੰ ਲੈ ਕੇ ਸਵਾਲ ਉੱਠੇ। ਆਮ ਕਰਮਚਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕੁਝ ਥਾਵਾਂ ਤੋਂ ਕਬਜ਼ੇ ਹਟਾਏ ਗਏ, ਜਦਕਿ ਸਥਾਨਕ ਦੁਕਾਨਦਾਰਾਂ ਨੇ ਕਾਰਵਾਈ ਦੇ ਤਰੀਕੇ ’ਤੇ ਇਤਰਾਜ਼ ਜਤਾਉਂਦਿਆਂ ਕਥਿਤ ਪੱਖਪਾਤ ਦੇ ਦੋਸ਼ ਲਾਏ।
ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜੇਕਰ ਸ਼ਹਿਰ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਾਰਵਾਈ ਸਾਰੇ ਦੁਕਾਨਦਾਰਾਂ ਅਤੇ ਸਾਰੇ ਇਲਾਕਿਆਂ ਵਿੱਚ ਇਕਸਾਰ ਢੰਗ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਇੱਕ ਥਾਂ ’ਤੇ ਕਬਜ਼ੇ ਨੂੰ ਹਟਾਇਆ ਜਾਂਦਾ ਹੈ ਤਾਂ ਇਸੇ ਤਰ੍ਹਾਂ ਹੋਰ ਥਾਵਾਂ ’ਤੇ ਮੌਜੂਦ ਕਬਜ਼ਿਆਂ ’ਤੇ ਵੀ ਕਾਰਵਾਈ ਕਿਉਂ ਨਾ ਕੀਤੀ ਜਾਵੇ।
----------
ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਹੀ ਕੀਤੀ ਕਾਰਵਾਈ–ਅਸ਼ੀਸ਼ ਕੁਮਾਰ
ਇਸ ਸਬੰਧੀ ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਕੀਤੀ ਗਈ ਕਾਰਵਾਈ ਉਪਰਲੇ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਲਾਏ ਗਏ ਪੱਖਪਾਤ ਦੇ ਦੋਸ਼ ਉਹਨਾਂ ਦੇ ਹੁਣ ਧਿਆਨ ਵਿੱਚ ਆਏ ਹਨ ਕਬਜ਼ਿਆਂ ਵਿਰੁੱਧ ਕਾਰਵਾਈ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਅਤੇ ਬਿਨਾਂ ਕਿਸੇ ਪੱਖਪਾਤ ਦੇ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ’ਤੇ ਪੱਖਪਾਤ ਕਰਨ ਦੇ ਦੋਸ਼ ਲੱਗੇ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਜਾਂਚ ਦੌਰਾਨ ਕਿਸੇ ਕਰਮਚਾਰੀ ਵੱਲੋਂ ਪੱਖਪਾਤ ਜਾਂ ਨਿਯਮਾਂ ਦੀ ਉਲੰਘਣਾ ਕਰਨਾ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
-----
‘ਕਾਰਵਾਈ ਹੋਵੇ ਤਾਂ ਸਭ ਲਈ ਇੱਕੋ ਨਿਯਮ ਹੋਣ–ਸਮਾਜ ਸੇਵੀ
ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ ਅਤੇ ਸਮਾਜ ਸੇਵੀ ਤਰਸੇਮ ਗਰਗ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਕਬਜ਼ਿਆਂ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਕਾਰਵਾਈ ਕਿਸੇ ਵਿਅਕਤੀ ਵਿਸ਼ੇਸ਼ ਜਾਂ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਨਿਯਮਾਂ ਅਨੁਸਾਰ ਸਮੁੱਚੇ ਇਲਾਕੇ ਵਿੱਚ ਇਕਸਾਰ ਕੀਤੀ ਜਾਣੀ ਚਾਹੀਦੀ ਹੈ।