ਮਹਿਲ ਕਲਾਂ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋ ਕਾਬੂ ਮਹਿਲ ਕਲਾਂ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ : ਦੋ ਕਾਬੂ, ਅਸਲਾ ਤੇ ਕਾਰ ਬਰਾਮਦ
Publish Date: Tue, 21 Jul 2026 06:56 PM (IST)
Updated Date: Wed, 22 Jul 2026 04:08 AM (IST)
* ਮੁਲਜ਼ਮਾਂ ਕੋਲੋਂ ਅਸਲਾ ਤੇ ਕਾਰ ਬਰਾਮਦ * ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਕੈਪਸ਼ਨ: ਘਟਨਾ ਦੀ ਜਾਂਚ ਕਰਨ ਮੌਕੇ ਪੁਲਿਸ ਪਾਰਟੀ। 2. ਗੈਂਗਸਟਰਾਂ ਤੋਂ ਬਰਾਮਦ ਅਸਲਾ। 3.ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਮਹਿਲ ਕਲਾਂ ਪੁਲਿਸ ਨੇ ਸਪੈਸ਼ਲ ਨਾਕਾਬੰਦੀ ਦੌਰਾਨ ਹੋਏ ਮੁਕਾਬਲੇ ਤੋਂ ਬਾਅਦ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ਚੋਂ ਅਸਲਾ, ਕਾਰਤੂਸ, ਖੋਲ ਤੇ ਇਕ ਵਰਨਾ ਕਾਰ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਐੱਸਐੱਸਪੀ ਬਰਨਾਲਾ ਆਈਪੀਐੱਸ ਮੁਹੰਮਦ ਸਰਫਰਾਜ ਆਲਮ ਦੇ ਨਿਰਦੇਸ਼ਾਂ ਹੇਠ ਕੀਤੀ ਗਈ। ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਮਹਿਲ ਕਲਾਂ ਦੀ ਨਿਗਰਾਨੀ ਹੇਠ ਥਾਣਾ ਮਹਿਲ ਕਲਾਂ, ਕਾਊਂਟਰ ਇੰਟੈਲੀਜੈਂਸ ਤੇ ਸੀਆਈਏ ਸਟਾਫ਼ ਦੀ ਇਕ ਸਾਂਝੀ ਟੀਮ ਤਾਇਨਾਤ ਕੀਤੀ ਗਈ ਸੀ। ਜਿਨ੍ਹਾਂ 21 ਜੁਲਾਈ ਦੀ ਸਵੇਰ ਨੂੰ ਕਰੀਬ 5:30 ਵਜੇ, ਪੁਰਾਣੇ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸੇ ਨਾਕੇ ਦੌਰਾਨ ਮਹਿਲ ਕਲਾਂ ਵਾਲੇ ਪਾਸਿਓਂ ਰਾਏਕੋਟ ਵੱਲ ਜਾ ਰਹੀ ਇਕ ਚਿੱਟੀ ਵਰਨਾ ਕਾਰ ਆਉਂਦੀ ਵਿਖਾਈ ਦਿੱਤੀ। ਪੁਲਿਸ ਟੀਮ ਨੇ ਜਦੋਂ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਪੁਲਿਸ ਪਾਰਟੀ ਤੇ ਗੋਲ਼ੀ ਚਲਾ ਦਿੱਤੀ ਤੇ ਬੈਰੀਕੇਡ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਵੀ ਤੁਰੰਤ ਜਵਾਬੀ ਕਾਰਵਾਈ ਚ ਫਾਇਰਿੰਗ ਕੀਤੀ। ਕੁਝ ਹੀ ਦੂਰੀ ਤੇ ਜਾ ਕੇ ਮੁਲਜ਼ਮ ਕਾਰ ਛੱਡ ਕੇ ਨੇੜਲੇ ਖੇਤਾਂ ਵੱਲ ਭੱਜਣ ਲੱਗੇ ਪਰ ਪੁਲਿਸ ਟੀਮ ਨੇ ਮੁਸਤੈਦੀ ਵਿਖਾਉਂਦੇ ਹੋਏ ਦੋਵਾਂ ਨੂੰ ਘੇਰ ਕੇ ਦਬੋਚ ਲਿਆ। ਡੀਐੱਸਪੀ ਮਹਿਲ ਕਲਾਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸੀ, ਵਾਸੀ ਬਖ਼ਤਗੜ੍ਹ ਮੌਜੂਦਾ ਵਾਸੀ ਮਹਿਲ ਕਲਾਂ ਤੇ ਗੁਰਸ਼ਰਨ ਸਿੰਘ ਉਰਫ਼ ਸਰਨਾ ਵਾਸੀ ਰੌਂਤਾ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮਾਂ ਕੋਲੋਂ .30 ਬੋਰ ਇਕ ਪਿਸਤੌਲ ਨਾਲ 2 ਕਾਰਤੂਸ, .32 ਬੋਰ ਦੇਸੀ ਇਕ ਪਿਸਤੌਲ ਨਾਲ 2 ਕਾਰਤੂਸ, ਚੱਲੇ ਹੋਏ ਕਾਰਤੂਸਾਂ ਦੇ ਪੰਜ ਖੋਲ ਸਣੇ ਇਕ ਚਿੱਟੀ ਵਰਨਾ ਗੱਡੀ (ਡੀਐਲ9-ਸੀਏਏ-6877) ਵੀ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੜੇ ਮੁਲਜ਼ਮਾਂ ਨੂੰ ਜਲਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਤਫ਼ਤੀਸ਼ ਲਗਾਤਾਰ ਜਾਰੀ ਹੈ।