- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਲਤ ’ਚੋਂ ਕੇਸ ਜਿੱਤਣ ਵਾਲੇ ਮੁਲਾਜ਼ਮ ਕੌਂਸਲ ਨੇ ਕੀਤੇ ਨਜ਼ਰ ਅੰਦਾਜ਼

ਸੌ ਕਰਮਚਾਰੀਆਂ ਦੇ ਹੱਕ ’ਚ ਮਤਾ ਕੀਤਾ ਪਾਸ
30 ਯੋਗ ਵਿਅਕਤੀ ਸੂਚੀ ਵਿੱਚੋਂ ਬਾਹਰ
ਅਧਿਕਾਰੀਆਂ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਆਖੀ ਗੱਲ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਨਗਰ ਕੌਂਸਲ ਸੁਨਾਮ ਤੋਂ ਉਮੀਦਾਂ ਲਗਾਈ ਬੈਠੇ ਕੌਂਸਲ ਦੇ 30 ਕਰਮਚਾਰੀਆਂ ਦਾ ਸਬਰ ਆਖਿਰਕਾਰ ਜਵਾਬ ਦੇ ਗਿਆ ਹੈ। ਮੰਗਲਵਾਰ ਨੂੰ ਹੋਈ ਕੌਂਸਲ ਦੀ ਮੀਟਿੰਗ ਦੌਰਾਨ, ਲੱਗਭੱਗ 100 ਹੋਰ ਕਰਮਚਾਰੀਆਂ ਨੂੰ ਵਿਭਾਗ ਵਿੱਚ ਪੱਕਾ (ਰੈਗੂਲਰ) ਕਰਨ ਲਈ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ; ਪਰੰਤੂ 30 ਪ੍ਰਭਾਵਿਤ ਕਰਮਚਾਰੀ ਜਿਨ੍ਹਾਂ ਨੇ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਆਪਣੇ ਹੱਕ ਵਿੱਚ ਫੈਸਲਾ ਪ੍ਰਾਪਤ ਕਰ ਲਿਆ ਸੀ ,ਨੂੰ ਇੱਕ ਵਾਰ ਫਿਰ ਅਣਗੌਲਿਆ ਕਰ ਦਿੱਤਾ ਗਿਆ।
ਜਿੱਥੇ ਪ੍ਰਭਾਵਿਤ ਕਰਮਚਾਰੀਆਂ ਨੇ ਪੱਖਪਾਤ ਦਾ ਦੋਸ਼ ਲਾਇਆ ਹੈ, ਉੱਥੇ ਹੀ ਨਗਰ ਕੌਂਸਲ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ। ਪੀੜਤ ਕਰਮਚਾਰੀਆਂ ਨੇ ਦੱਸਿਆ ਕਿ ਭਾਵੇਂ ਨਗਰ ਕੌਂਸਲ ਨੇ 100 ਕਰਮਚਾਰੀਆਂ ਲਈ ਨਵਾਂ ਮਤਾ ਪਾਸ ਕਰ ਦਿੱਤਾ ਹੈ, ਪਰ ਜਿਨ੍ਹਾਂ ਲੋਕਾਂ ਨੇ ਆਪਣੀ ਕਾਨੂੰਨੀ ਲੜਾਈ ਜਿੱਤੀ ਸੀ, ਉਨ੍ਹਾਂ ਨੂੰ ਇਸ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ।
ਪ੍ਰਭਾਵਿਤ ਕਰਮਚਾਰੀਆਂ ਨੇ ਇਨਸਾਫ਼ ਲਈ ਆਪਣੀ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ ਹੈ। ਪ੍ਰਸ਼ਾਸਨ ਦੇ ਰਵੱਈਏ ਤੋਂ ਡੂੰਘੇ ਦੁਖੀ ਹੋਏ ਮੁਲਾਜ਼ਮਾਂ ਵਿੱਚ ਸ਼ਾਮਿਲ ਸੇਵਾਮੁਕਤ ਕਰਮਚਾਰੀ ਅਤੇ ਹੋਰ ਵਿਅਕਤੀ ਜਿਵੇਂ ਕਿ ਗੁਰਮੇਲ ਸਿੰਘ, ਪਰਮਜੀਤ ਕੌਰ, ਕਾਂਤੀ, ਪਾਲੀ, ਅਜੈ ਕੁਮਾਰ, ਬਲਵਿੰਦਰ, ਜੀਯਾ ਲਾਲ, ਸਰਧਾ ਸਿੰਘ , ਟੰਮੂ, ਕਪੂਰ ਸਿੰਘ, ਵਿਪਨ ਕੁਮਾਰ ਅਤੇ ਪੂਰਾ ਸਿੰਘ (ਕੁੱਲ 30 ਵਿਅਕਤੀ) ਸ਼ਾਮਲ ਹਨ ਹੁਣ ਇੱਕ ਫੈਸਲਾਕੁੰਨ ਟਕਰਾਅ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੋਈ ਕੌਂਸਲ ਦੀ ਮੀਟਿੰਗ ਦੌਰਾਨ ਲੱਗਭੱਗ 100 ਆਊਟਸੋਰਸ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਇੱਕ ਮਤਾ ਪਾਸ ਕੀਤਾ ਗਿਆ ਸੀ। ਮੀਟਿੰਗ ਵਿੱਚ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਮੌਜੂਦ ਸਨ, ਨੇ ਕਿਹਾ ਕਿ ਸਰਕਾਰ ਸਾਰੇ ਕਰਮਚਾਰੀਆਂ ਦੇ ਨਾਲ ਖੜ੍ਹੀ ਹੈ।