ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸੀਐੱਮ ਕੋਠੀ ਨੇੜੇ ਕੀਤੀ ਮਹਾਂ ਰੋਸ ਰੈਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸੀਐੱਮ ਕੋਠੀ ਨੇੜੇ ਕੀਤੀ ਮਹਾਂ ਰੋਸ ਰੈਲੀ
Publish Date: Sat, 10 Oct 2026 04:52 PM (IST)
Updated Date: Sun, 11 Oct 2026 04:03 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਆਪਣੀ ਮੰਗਾਂ ਅਤੇ ਪੰਜਾਬ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਦੇ ਵਿਰੋਧ ਵਿੱਚ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਨੇੜੇ ਮਹਾਂ ਰੋਸ ਰੈਲੀ ਕੀਤੀ। ਜਿਸ ਵਿੱਚ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ (ਮਿੱਡ-ਡੇ-ਮੀਲ, ਆਸ਼ਾ ਤੇ ਆਂਗਣਵਾੜੀ) ਵਰਕਰਾਂ ਨੇ ਸ਼ਮੂਲੀਅਤ ਕੀਤੀ। ਰੈਲੀ ਤੋਂ ਬਾਅਦ ਪਟਿਆਲਾ-ਬਠਿੰਡਾ ਨੈਸ਼ਨਲ ਹਾਈਵੇ ਉੱਪਰ ਜ਼ਬਰਦਸਤ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਸਿਵਲ ਪ੍ਰਸ਼ਾਸਨ ਵੱਲੋਂ ਪਹੁੰਚੇ ਐੱਸਡੀਐੱਮ ਵੱਲੋਂ ਚੀਫ ਸੈਕਰਟਰੀ ਪੰਜਾਬ ਨਾਲ ਮੀਟਿੰਗ ਕਰਾਉਣ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਤਾਲਮੇਲ ਕਮੇਟੀ ਵੱਲੋਂ ਨਕਾਰ ਦਿੱਤਾ ਗਿਆ ਅਤੇ ਇਸ ਗੱਲ ਦੀ ਮੰਗ ਕੀਤੀ ਗਈ ਕਿ ਜੇਕਰ ਤਾਲਮੇਲ ਕਮੇਟੀ ਦੀ ਮੀਟਿੰਗ ਹੋਵੇਗੀ ਤਾਂ ਪੰਜਾਬ ਦੇ ਮੁੱਖ ਮੰਤਰੀ ਨਾਲ ਹੀ ਹੋਵੇਗੀ ਇਸ ਤੋਂ ਹੇਠਾਂ ਕੋਈ ਵੀ ਮੀਟਿੰਗ ਪ੍ਰਵਾਨ ਨਹੀਂ। ਤਾਲਮੇਲ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਆਪਣੇ ਸੰਘਰਸ਼ ਨੂੰ ਜਾਰੀ ਰੱਖਦਿਆਂ 21-22 ਅਕਤੂਬਰ ਨੂੰ ਦੋ ਦਿਨ ਲਈ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਇਸ ਉਪਰੰਤ 22 ਅਕਤੂਬਰ ਤੋਂ 27 ਅਕਤੂਬਰ ਤੱਕ ਚੱਲਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਜ਼ਬਰਦਸਤ ਐਕਸ਼ਨ ਦਿੱਤੇ ਜਾਣਗੇ। ਇਸ ਮੌਕੇ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਸਤੀਸ਼ ਰਾਣਾ, ਗੁਰਨਾਮ ਸਿੰਘ ਵਿਰਕ, ਰਣਜੀਤ ਰਾਣਵਾਂ, ਸੁਖਚੈਨ ਸਿੰਘ ਖਹਿਰਾ, ਜਰਮਨਜੀਤ ਸਿੰਘ, ਸੁਸ਼ੀਲ ਕੁਮਾਰ ਫੌਜੀ, ਕਰਮ ਸਿੰਘ ਧਨੋਆ, ਸਾਹਿਲ ਸ਼ਰਮਾਂ, ਧਨਵੰਤ ਸਿੰਘ ਭੱਠਲ, ਮਨਦੀਪ ਸਿੰਘ ਸਿੱਧੂ, ਗਗਨਦੀਪ ਸਿੰਘ, ਹਰਚਰਨਜੀਤ ਸਿੰਘ, ਸੁਖਦੇਵ ਸੈਣੀ, ਕੁਲਵੰਤ ਸਿੰਘ, ਭਜਨ ਸਿੰਘ ਗਿੱਲ, ਹਰਜਿੰਦਰਪਾਲ ਸਿੰਘ ਪੰਨੂ, ਕੁਲਵਿੰਦਰ ਸਿੰਘ ਢਿੱਲੋਂ, ਪਰਗਟਜੀਤ ਕਿਸ਼ਨਪੁਰਾ, ਅਮਰੀਕ ਸਿੰਘ ਕੰਗ, ਅਮਿਤ ਕਟੋਚ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਏ ਨਾ ਜਾਰੀ ਕੀਤੇ ਜਾਣ, ਪੈਨਸ਼ਨਰਾਂ ਅਤੇ ਅਣ-ਰਿਵਾਇਜ਼ਡ ਕੈਟਾਗਰੀਆਂ ਦੇ ਮੁਲਾਜ਼ਮਾਂ ਤੇ 2.59 ਦਾ ਗੁਣਾਂਕ ਲਾਗੂ ਨਾ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੇ ਜਾਣ, ਵੱਖ-ਵੱਖ ਕਿਸਮ ਦੇ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤੇ ਜਾਣ, ਮਾਣਭੱਤਾ ਵਰਕਰਾਂ (ਮਿਡ-ਡੇ-ਮੀਲ, ਆਸ਼ਾ ਤੇ ਆਂਗਣਵਾੜੀ) ਉੱਤੇ ਘੱਟੋ-ਘੱਟ ਉਜ਼ਰਤਾਂ ਲਾਗੂ ਨਾ ਕੀਤੇ ਜਾਣ, ਪੇਂਡੂ ਅਤੇ ਬਾਰਡਰ ਏਰੀਆ ਸਮੇਤ ਬੰਦ ਕੀਤੇ ਗਏ 37 ਕਿਸਮ ਦੇ ਭੱਤੇ ਅਤੇ ਏਸੀਪੀ ਸਕੀਮ ਬਹਾਲ ਨਾ ਕੀਤੇ ਜਾਣ, 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਨਾ ਕੀਤੇ ਜਾਣ। ਇਸ ਮੌਕੇ ਦਿਗਵਿਜੇਪਾਲ ਸ਼ਰਮਾਂ, ਜਗਦੀਸ਼ ਠਾਕੁਰ, ਜਗਦੀਸ਼ ਚਾਹਲ, ਖੁਸ਼ਵਿੰਦਰ ਕਪਿਲਾ, ਰਾਜ ਕੁਮਾਰ ਅਰੋੜਾ, ਦੇਵੀ ਦਿਆਲ, ਬਲਦੇਵ ਵਾਲੀਆ, ਸੁਖਵਿੰਦਰ ਸੈਣੀ, ਬਲਵੀਰ ਗਰਚਾ, ਜਸਵੀਰ ਤਲਵਾੜਾ, ਦੀਦਾਰ ਸ਼ੋਕਰ, ਪਿਪਲ ਸਿੰਘ ਸਿੱਧੂ, ਰਾਧੇ ਸ਼ਿਆਮ, ਜੋਗਿੰਦਰ ਸਿੰਘ, ਸੁਰਜੀਤ ਗਗੜਾ, ਮਨਪ੍ਰੀਤ ਸਿੰਘ, ਸੁਰਿੰਦਰ ਪੁਆਰੀ, ਨਿਰਮਲਜੀਤ ਵਾਲੀਆ, ਕੁਲਦੀਪ ਖੰਨਾ, ਬਲਰਾਜ ਦਾਉਂ ਨੇ ਕਿਹਾ ਕਿ 18 ਸਤੰਬਰ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਉਹਨਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਤਾਲਮੇਲ ਕਮੇਟੀ ਨਾਲ ਮੁੜ ਮੀਟਿੰਗ ਕੀਤੀ ਜਾਵੇਗੀ ਪਰ ਹੁਣ ਸਰਕਾਰ ਮੀਟਿੰਗ ਕਰਨ ਤੋਂ ਮੁਨਕਰ ਹੋ ਚੁੱਕੀ ਹੈ।