ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਸੀਐਮ ਮਾਨ ਦਾ ਪੁਤਲਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਸੀਐਮ ਮਾਨ ਦਾ ਪੁਤਲਾ
Publish Date: Thu, 22 Oct 2026 03:53 PM (IST)
Updated Date: Thu, 22 Oct 2026 03:54 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ ਛ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ’ਤੇ ਅੱਜ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਭਵਾਨੀਗੜ੍ਹ ਸਥਿਤ ਪੈਨਸ਼ਨਰ ਦਫ਼ਤਰ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਅਤੇ ਆਪਣੀਆਂ ਮੰਗਾਂ ਜਲਦ ਪੂਰੀਆਂ ਕਰਨ ਦੀ ਮੰਗ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ, ਜਨਰਲ ਸਕੱਤਰ ਕੇਵਲ ਸਿੰਘ, ਬਿਜਲੀ ਬੋਰਡ ਆਗੂ ਜਗਵਿੰਦਰ ਸਿੰਘ, ਡੀਟੀਐੱਫ ਆਗੂ ਰਘਵੀਰ ਸਿੰਘ ਭਵਾਨੀਗੜ੍ਹ, ਪੈਨਸ਼ਨਰ ਆਗੂ ਸੁਖਦੇਵ ਸਿੰਘ, ਚਰਨ ਸਿੰਘ ਚੋਪੜਾ, ਗੁਰਚਰਨ ਸਿੰਘ ਮਣਕੂ, ਗੁਰਨਾਮ ਸਿੰਘ, ਪ੍ਰੀਤਮ ਸਿੰਘ, ਚਰਨਜੀਤ ਸਿੰਘ ਪਟਵਾਰੀ, ਅਵਤਾਰ ਸਿੰਘ ਜ਼ਿਲੇਦਾਰ, ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਅਤੇ ਕਰਮ ਸਿੰਘ ਨੇ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਏ। ਇਸ ਮੌਕੇ ਕੁਲਵੰਤ ਸਿੰਘ ਖਨੌਰੀ ਨੇ ਸੰਘਰਸ਼ੀ ਗੀਤ ਪੇਸ਼ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਰਹਿੰਦਾ ਮਹਿੰਗਾਈ ਭੱਤਾ (ਡੀਏ) ਅਤੇ ਮਹਿੰਗਾਈ ਰਾਹਤ (ਡੀਆਰ) ਤੁਰੰਤ ਜਾਰੀ ਕੀਤੀ ਜਾਵੇ, ਮੁਲਾਜ਼ਮ ਵਿਰੋਧੀ ਪੱਤਰ ਵਾਪਸ ਲਏ ਜਾਣ, ਪੈਨਸ਼ਨਰਾਂ ਲਈ 2.59 ਦਾ ਫੈਕਟਰ ਲਾਗੂ ਕੀਤਾ ਜਾਵੇ ਅਤੇ ਪਹਿਲਾਂ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ, ਜਿਸ ਕਾਰਨ ਵਰਗਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਸਰਕਾਰ ਦੇ ਬੇਰੁਖ਼ੀ ਵਾਲੇ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਜਲਦ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।