
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਲਾਜ਼ਮ ਜਥੇਬੰਦੀਆਂ ਨੇ ਫੁੱਕੀ ਪੰਜਾਬ ਸਰਕਾਰ ਦੀ ਅਰਥੀ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਸਾਂਝੀ ਮੁਲਾਜ਼ਮ ਅਤੇ ਪੈਨਸ਼ਨਰ ਕੋਆਰਡੀਨੇਸ਼ਨ ਕਮੇਟੀ ਪੰਜਾਬ ,ਚੰਡੀਗੜ੍ਹ ਦੇ ਸੱਦੇ ਤੇ ਲਹਿਰਾ ਇਲਾਕੇ ਦੀਆਂ ਸਮੂਹ ਪੈਨਸ਼ਨਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੀ ਮੁਲਾਜ਼ਮ ਤੇ ਪੈਨਸ਼ਨ ਵਿਰੋਧੀ ਨੀਤੀ ਦੇ ਖਿਲਾਫ ਅਰਥੀ ਫੂਕ ਰੈਲੀ ਮੁਜ਼ਾਹਰਾ ਤੇ ਨਾਅਰੇਬਾਜ਼ੀ ਕੀਤੀ ਗਈ। ਐਸਡੀਐਮ ਦਫਤਰ ਲਹਿਰਾਗਾਗਾ ਦੇ ਗੇਟ ਅੱਗੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਹਾਈਕੋਰਟ ਦੇ ਹੁਕਮਾਂ ਤੇ ਡੀਏ ਸਬੰਧੀ ਕੀਤੇ ਗਏ ਫੈਸਲੇ ਤੇ ਹੋਰ ਫੈਸਲਿਆਂ ਨੂੰ ਲਾਗੂ ਨਾ ਕਰਨ ਦੇ ਖਿਲਾਫ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਨੇ 15 ਦਿਨਾਂ ਦੇ ਅੰਦਰ ਅੰਦਰ ਮੁਲਾਜ਼ਮਾਂ ਦਾ ਬਣਦਾ 16 ਫੀਸਦੀ ਡੀਏ ਦੇਣ ਸਬੰਧੀ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੋਈ ਹੈ। ਇਸੇ ਤਰ੍ਹਾਂ ਹੋਰ ਮੰਗਾਂ ਜਿਵੇਂ 2.59 ਫੈਕਟਰ ਨਾਲ ਸਾਰੇ ਮੁਲਾਜ਼ਮਾਂ ਨੂੰ ਲਾਭ ਦੇਣਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਆਊਟਸੋਰਸਿੰਗ ਦੀ ਨੀਤੀ ਰੱਦ ਕਰਨਾ ਅਤੇ ਤਿੰਨ ਸਾਲ ਦਾ ਪਰਮਿਸ਼ਨ ਪੀਰੀਅਡ ਰੱਦ ਕਰਨਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਆਦਿ ਮੁੱਖ ਮੰਗਾਂ ਬਾਰੇ ਪੰਜਾਬ ਸਰਕਾਰ ਮੰਨ ਕੇ ਵੀ ਲਾਗੂ ਨਹੀਂ ਕਰ ਰਹੀ। ਸੱਤ ਅਗਸਤ ਦੇ ਚੰਡੀਗੜ੍ਹ ਦੇ ਲਾ, ਮਿਸਾਲ ਮੁਜ਼ਾਹਰੇ ਤੋਂ ਬਾਅਦ ਅੱਜ ਦਾ ਇਹ ਅਰਥੀ ਫੂਕ ਪ੍ਰੋਗਰਾਮ ਸਾਰੇ ਪੰਜਾਬ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਾਡੇ ਬਣਦੇ ਹੱਕ ਨਾ ਦਿੱਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਵਿਸ਼ਾਲ ਇਕੱਠ ਨੂੰ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ ਵੱਲੋਂ ਸੁਖਪਾਲ ਸਿੰਘ ਪਾਲੀ, ਪੈਨਸ਼ਨ ਐਸੋਸੀਏਸ਼ਨ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਗੁਰਚਰਨ ਸਿੰਘ ਅਤੇ ਗੁਰਪਿਆਰ ਸਿੰਘ, ਪੈਨਸ਼ਨਰ ਯੂਨੀਅਨ ਵੱਲੋਂ ਮਹਿੰਦਰ ਸਿੰਘ ਖੋਖਰ, ਲੋਕ ਚੇਤਨਾ ਮੰਚ ਲਹਿਰਾ ਗਾਗਾ ਵੱਲੋਂ ਮਾਸਟਰ ਰਘਵੀਰ ਸਿੰਘ ਭਟਾਲ ਅਤੇ ਜਗਜੀਤ ਸਿੰਘ ਭਟਾਲ, ਪੰਜਾਬ ਸਵਾਰਡੀਨੇਸ਼ਨ ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀ ਵਾਲਾ, ਲਛਮਣ ਸਿੰਘ ਅਲੀਸ਼ੇਰ ਡਾਕਟਰ ਜਗਦੀਸ਼ ਪਾਵੜਾ, ਡਾਕਟਰ ਸੁਖਜਿੰਦਰ ਸਿੰਘ ਲਾਲੀ, ਗੁਰਨਾਮ ਸਿੰਘ ਲਦਾਲ, ਮੁਲਾਜ਼ਮ ਆਗੂ ਪੂਰਨ ਸਿੰਘ ਖਾਈ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭਟਾਲ, ਸਫਾਈ ਸੇਵਕ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਮੰਗੂ ਆਦਿ ਨੇ ਸੰਬੋਧਨ ਕੀਤਾ।