ਬਰਨਾਲਾ ਦੇ ਵਿਕਾਸ ਕਾਰਜਾਂ ਨੂੰ ਲੱਗੇ ਖੰਭ: ਏਕਤਾ ਕਲੋਨੀ ਵਿਖੇ 42 ਲੱਖ ਦੀ ਲਾਗਤ ਨਾਲ ਨਵੀਂ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਬਰਨਾਲਾ ਦੇ ਵਿਕਾਸ ਕਾਰਜਾਂ ਨੂੰ ਲੱਗੇ ਖੰਭ: ਏਕਤਾ ਕਲੋਨੀ ਵਿਖੇ 42 ਲੱਖ ਦੀ ਲਾਗਤ ਨਾਲ ਨਵੀਂ ਸੜਕ ਦਾ ਨਿਰਮਾਣ ਕਾਰਜ ਸ਼ੁਰੂ
Publish Date: Sun, 19 Jul 2026 06:13 PM (IST)
Updated Date: Sun, 19 Jul 2026 06:16 PM (IST)
ਅੱਜ ਸ਼ੁਰੂ ਹੋਵੇਗਾ ਸਦਰ ਬਜ਼ਾਰ ਦੀ ਸੜਕ ਬਣਾਉਣ ਦਾ ਕੰਮ: ਅਗਲੇ ਹਫਤੇ ਸਦਰ ਬਜ਼ਾਰ ਦੀ ਸੜਕ ਹੋਵੇਗੀ ਲੋਕਾਂ ਦੇ ਹਵਾਲੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਸ਼ਨੀਵਾਰ ਨੂੰ ਬਰਨਾਲਾ ਦੀ ਏਕਤਾ ਕਲੋਨੀ ਖੁੱਡੀ ਰੋਡ ਵਿਖੇ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ 42 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਨਗਰ ਨਿਗਮ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਨਾਲ ਕਾਲੋਨੀ ਦੀ ਨੁਹਾਰ ਬਦਲੇਗੀ। ਉਨ੍ਹਾਂ ਕਿਹਾ ਕਿ ਇਸ ਸ਼ੁਭ ਆਗਾਜ਼ ਦੇ ਮੌਕੇ ’ਤੇ ਵਾਰਡ ਨੰਬਰ 20 ਤੋਂ ਕੌਂਸਲਰ ਪਰਮਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਚੱਲ ਰਹੇ ਕਾਰਜ ਦਾ ਜਾਇਜ਼ਾ ਲਿਆ ਤੇ ਭਰੋਸਾ ਦਿਵਾਇਆ ਕਿ ਵਿਕਾਸ ਕਾਰਜਾਂ ’ਚ ਗੁਣਵੱਤਾ ਦਾ ਖਾਸ ਖਿਆਲ ਰੱਖਿਆ ਜਾਵੇਗਾ ਤੇ ਸ਼ਹਿਰ ਦੇ ਹਰ ਕੋਨੇ ਤਕ ਵਿਕਾਸ ਦੀ ਲਹਿਰ ਪਹੁੰਚਾਈ ਜਾਵੇਗੀ। ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਣ ’ਤੇ ਏਕਤਾ ਕਲੋਨੀ ਦੇ ਸਮੂਹ ਨਿਵਾਸੀਆਂ ਦੇ ਚਿਹਰੇ ਖਿੜ ਉੱਠੇ। ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਇਸ ਸ਼ਲਾਘਾਯੋਗ ਉਪਰਾਲੇ ਲਈ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਐਮਪੀ ਮੀਤ ਹੇਅਰ ਦੀ ਦੂਰਅੰਦੇਸ਼ੀ ਸੋਚ ਤੇ ਯਤਨਾਂ ਸਦਕਾ ਹੀ ਅੱਜ ਇਸ ਵੱਡੇ ਪ੍ਰੋਜੈਕਟ ਨੂੰ ਬੂਰ ਪਿਆ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਪੀਏ ਰੋਹਿਤ ਓਸ਼ੋ, ਜੇਈ ਨਿਖਿਲ ਕੌਸ਼ਲ, ਸਲੀਮ ਖਾਨ, ਬਾਰਾ ਸਿੰਘ ਪ੍ਰਧਾਨ, ਫਿਲਮੀ ਅਦਾਕਾਰਾ ਪਰਮਿੰਦਰ ਕੌਰ ਗਿੱਲ, ਸੁਖਜਿੰਦਰ ਸਿੰਘ, ਕਾਲਾ ਖਾਨ, ਭੀਮ ਸਿੰਘ, ਰਾਮ ਕੁਮਾਰ ਸ਼ਰਮਾ, ਤੁਸ਼ਾਰ ਸ਼ਰਮਾ, ਹਰਵਿੰਦਰ ਸਿੰਘ ਕਾਕਾ, ਗੋਰਾ ਖਾਨ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਗੁਰਮੀਤ ਸਿੰਘ, ਕਰਮਜੀਤ ਸਿੰਘ, ਸਰਦਾਰਾ ਸਿੰਘ, ਕਮਲਜੀਤ ਸਿੰਘ, ਪੰਕਜ ਜਿੰਦਲ ਸਣੇ ਵੱਡੀ ਗਿਣਤੀ ’ਚ ਏਕਤਾ ਕਲੋਨੀ ਦੇ ਵਸਨੀਕ ਹਾਜ਼ਰ ਸਨ। ਮੇਅਰ ਹਸਨਪ੍ਰੀਤ ਭਾਰਦਵਾਜ ਨੇ ਖੁਲਾਸਾ ਕਰਦਿਆਂ ਕਿਹਾ ਕਿ ਸਦਰ ਬਾਜ਼ਾਰ ’ਚ ਪਹਿਲਾ ਇਥੇ ਸੀਵਰੇਜ ਹੀ ਨਹੀਂ ਸੀ। ਇਸਦਾ ਪੋ੍ਰਜੈਕਟ ਅਸੀਂ ਪਾਸ ਕਰਵਾ ਕੇ ਸੀਵਰੇਜ ਤੇ ਵਾਟਰ ਸਪਲਾਈ ਦੀ ਪਾਈਪਲਾਈਨ ਤੋਂ ਇਲਾਵਾ ਚੈਂਬਰ ਬਣਾਏ ਗਏ ਹਨ। ਉਨ੍ਹਾਂ ਕਿਹਾ ਇਹ ਸਾਰਾ ਕੰਮ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਹੋਇਆ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਸਦਰ ਬਜ਼ਾਰ ਦਾ ਕੰਮ ਲੇਟ ਹੋਣ ਕਾਰਨ ਰਾਜਨੀਤੀ ਕਰ ਰਹੇ ਹਨ। ਜਿਸਦਾ ਮੁੱਖ ਕਾਰਨ ਦੁਕਾਨਦਾਰਾਂ ਵਲੋਂ ਕੁਨੈਕਸ਼ਨ ਲੈਣੇ ਪੈਡਿੰਗ ਸੀ ਤੇ ਹੁਣ ਜਦ ਕੁਨੈਕਸ਼ਨਾਂ ਦਾ ਕੰਮ ਮੁਕੰਮਲ ਹੋ ਗਿਆ ਤਾਂ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ 8-10 ਫੁੱਟ ਹੇਠਾਂ ਹੋਣ ਕਰਕੇ ਸੜਕ ਦੀ ਮਿੱਟੀ ਦਬਣ ਲਈ ਕੁਝ ਸਮਾਂ ਵੀ ਲੱਗਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਤੌਰ ਮੇਅਰ ਉਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਾਰਾ ਕੰਮ ਤਸੱਲੀਬਖਸ਼ ਤੇ ਨਿਯਮਾਂ ਅਨੁਸਾਰ ਹੀ ਕਰਵਾਇਆ ਜਾਵੇ।