- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
253 ਅਧਿਆਪਕਾਂ ਨੂੰ ਟਰਮੀਨੇਟ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਜਸਵੀਰ ਸਿਘ, ਪੰਜਾਬੀ ਜਾਗਰਣ,
ਸੰਗਰੂਰ : ਪੰਜਾਬ ਸਰਕਾਰ ਵੱਲੋਂ 4161 ਮਾਸਟਰ ਕਾਡਰ ਭਰਤੀ ਤਹਿਤ ਕੰਮ ਕਰ ਰਹੇ 253 ਅਧਿਆਪਕਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਫ਼ੈਸਲੇ ਖ਼ਿਲਾਫ਼ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਕੁਲਰੀਆਂ, ਦਾਤਾ ਸਿੰਘ, ਰਘਬੀਰ ਸਿੰਘ ਭਵਾਨੀਗੜ੍ਹ, ਦੇਵੀ ਦਿਆਲ, ਨਿਰਭੈ ਸਿੰਘ, ਨਰਦੀਪ ਸ਼ਰਮਾ, ਵਰਿੰਦਰਜੀਤ ਬਜਾਜ, ਕੰਵਲਜੀਤ ਸਿੰਘ, ਸੁਖਵਿੰਦਰ ਗਿਰ, ਪਰਮਵੇਦ, ਅਮਨ ਸੇਖਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਗ਼ਰੀਬਾਂ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ‘ਹਰਾ ਪੈੱਨ’ ਚਲਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪ੍ਰੰਤੂ ਅੱਜ ਉਹੀ ਹਰਾ ਪੈੱਨ ਰੁਜ਼ਗਾਰ ਖੋਹਣ ਲਈ ਚੱਲ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਸਕੂਲਾਂ ਵਿੱਚ ਤਨਦੇਹੀ ਨਾਲ ਸੇਵਾਵਾਂ ਨਿਭਾਅ ਰਹੇ 253 ਅਧਿਆਪਕਾਂ ਨੂੰ ਬਿਨਾਂ ਵਜ੍ਹਾ ਨੌਕਰੀ ਤੋਂ ਕੱਢ ਕੇ ਸਰਕਾਰ ਨੇ ਉਨ੍ਹਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ, ਜੋ ਕਿ ਅਧਿਆਪਕ ਵਰਗ ਨਾਲ ਘੋਰ ਬੇਇਨਸਾਫ਼ੀ ਅਤੇ ਜ਼ੁਲਮ ਹੈ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਗ਼ਲਤ ਫ਼ੈਸਲੇ ’ਤੇ ਤੁਰੰਤ ਪੁਨਰ ਵਿਚਾਰ ਕੀਤਾ ਜਾਵੇ ਅਤੇ ਬਰਖ਼ਾਸਤ ਕੀਤੇ ਗਏ ਸਮੂਹ ਅਧਿਆਪਕਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਫ਼ੈਸਲਾ ਜਲਦ ਵਾਪਸ ਨਾ ਲਿਆ, ਤਾਂ ਪੰਜਾਬ ਭਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਇਕਜੁੱਟ ਹੋ ਕੇ ਸਰਕਾਰ ਖ਼ਿਲਾਫ਼ ਇੱਕ ਵੱਡਾ ਅਤੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਸਤਵੰਤ ਸਿੰਘ ਆਲਮਪੁਰ, ਹਰਕੀਰਤ ਸਿੰਘ, ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ, ਵਿਸ਼ਾਲ ਸ਼ਰਮਾ, ਅਮਨ ਵਸ਼ਿਸ਼ਟ, ਕਰਮਜੀਤ ਨਦਾਮਪੁਰ, ਜਗਦੀਪ ਸਿੰਘ, ਬਲਦੇਵ ਸਿੰਘ ਬਡਰੁੱਖਾਂ, ਬ੍ਰਿਜ ਕੋਟਲਾ ਸੰਦੀਪ ਕੋਟਲਾ ਅਮਨਦੀਪ ਕੌਰ ਰੋਹਿਤ ਪਾਤੜਾਂ, ਅਮਿਤ ਸੰਗਰੂਰ, ਮਨਪ੍ਰੀਤ ਸਿੰਘ ਮੈਦੇਵਾਸ ਮੌਜੂਦ ਸਨ।