ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ
Publish Date: Sun, 27 Sep 2026 06:29 PM (IST)
Updated Date: Mon, 28 Sep 2026 04:06 AM (IST)
ਗਿਆਨੇਸ਼ ਕੁਮਾਰ ਨੂੰ ਜੇਲ੍ਹ ਭੇਜਣ ਦੀ ਮੰਗ ਕੇਂਦਰ ਸਰਕਾਰ ਧੱਕੇਸ਼ਾਹੀ ਨਾਲ ਜਨਤਾ ਦਾ ਵਿਰੋਧ ਨਹੀਂ ਦਬਾ ਸਕਦੀ: ਕਾਮਰੇਡ ਗੁਰਪ੍ਰੀਤ ਰੂੜੇਕੇ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਸੀਪੀਆਈ (ਐੱਮਐੱਲ) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ ਕਚਹਿਰੀ ਚੌਂਕ ਵਿਖੇ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕਰਕੇ ਜੇਲ੍ਹ ਭੇਜਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਬੀਤੇ ਦਿਨੀਂ ਦਿੱਲੀ ਦੇ ਜੰਤਰ-ਮੰਤਰ ਤੇ ਧਰਨਾ ਦੇ ਰਹੇ ਪ੍ਰਮੁੱਖ ਸਮਾਜਿਕ ਤੇ ਸਿਆਸੀ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਚ ਲਏ ਜਾਣ ਦੀ ਵੀ ਤਿੱਖੀ ਆਲੋਚਨਾ ਕੀਤੀ ਗਈ। ਬਾਕਸ-- ਈਵੀਐੱਮ ਤੇ ਵੋਟਾਂ ਕੱਟਣ ਦੇ ਗੰਭੀਰ ਦੋਸ਼ ਲਿਬਰੇਸ਼ਨ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਆਗੂ ਕਾਮਰੇਡ ਸਿੰਦਰ ਕੌਰ ਹਰੀਗੜ੍ਹ ਨੇ ਕਿਹਾ ਕਿ ਈ.ਵੀ.ਐੱਮ. ਰਾਹੀਂ ਵੋਟ ਚੋਰੀ ਤੇ ਮੁੱਖ ਚੋਣ ਕਮਿਸ਼ਨਰ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਲਗਭਗ 13 ਕਰੋੜ ਵੋਟਾਂ ਕਟਵਾ ਦੇਣ ਵਰਗੀਆਂ ਕਾਰਵਾਈਆਂ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨਾਲ ਸਿੱਧਾ ਧੋਖਾ ਹਨ। ਉਨ੍ਹਾਂ ਆਰੋਪ ਲਾਇਆ ਕਿ ਗਿਆਨੇਸ਼ ਕੁਮਾਰ ਵੱਲੋਂ ਮਨਮਾਨੇ ਨਵੇਂ ਨਿਯਮ ਬਣਾ ਕੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਗ਼ਲਤ ਢੰਗ ਨਾਲ ਚੋਣਾਂ ਜਿਤਾਉਣ ਦੇ ਜਤਨ ਕੀਤੇ ਜਾ ਰਹੇ ਹਨ। ਅਜਿਹੇ ਕੰਮਾਂ ਕਰਕੇ ਹੀ ਅੱਜ ਪੂਰੇ ਦੇਸ਼ ਅੰਦਰ ਉਨ੍ਹਾਂ ਖ਼ਿਲਾਫ਼ ਵਿਸ਼ਾਲ ਜਨਤਕ ਰੋਸ ਲਹਿਰ ਉੱਠ ਰਹੀ ਹੈ। ਬਾਕਸ- ਜੰਤਰ-ਮੰਤਰ ਤੇ ਗ੍ਰਿਫ਼ਤਾਰੀਆਂ ਦੀ ਨਿਖੇਧੀ ਆਗੂਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਬੀਤੇ ਦਿਨੀਂ ਜੰਤਰ-ਮੰਤਰ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ, ਆਇਸਾ ਦੀ ਕੌਮੀ ਪ੍ਰਧਾਨ ਨੇਹਾ ਬੋਰਾ, ਯੋਗੇਂਦਰ ਯਾਦਵ, ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ, ਟ੍ਰਾਂਸਪੇਰੈਂਸੀ ਕਾਰਕੁਨ ਅੰਜਲੀ ਭਾਰਦਵਾਜ, ਆਲ ਇੰਡੀਆ ਕਿਸਾਨ ਮਹਾਸਭਾ ਦੇ ਜਨਰਲ ਸਕੱਤਰ ਪੁਰਸ਼ੋਤਮ ਸ਼ਰਮਾ ਤੇ ਕਈ ਵਿਦਿਆਰਥੀ ਕਾਰਕੁਨਾਂ ਨੂੰ ਹਿਰਾਸਤ ਚ ਲਿਆ ਗਿਆ ਸੀ।