- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੂੰ-ਧੂੰ ਕਰਕੇ ਸੜੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ
ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਜ਼ਿਲ੍ਹੇਭਰ ਵਿੱਚ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਵੱਖ-ਵੱਖ ਥਾਵਾਂ ਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਸਤੋ ਪਹਿਲਾਂ ਸ਼ਹਿਰ ਵਿੱਚ ਭਗਵਾਨ ਸ੍ਰੀ ਰਾਮ ਅਤੇ ਰਾਵਣ ਦੀ ਸੈਨਾ ਵਿਚਕਾਰ ਯੁੱਧ ਦੀਆਂ ਝਾਂਕੀਆਂ ਕੱਢੀਆਂ ਗਈਆਂ ਅਤੇ ਸ਼ਾਮ ਢਲਦਿਆਂ ਹੀ ਸ਼ਹਿਰ ਦੇ ਰਣਬੀਰ ਕਾਲਜ ਮੈਦਾਨ, ਮਹਾਰਾਜਾ ਰਣਜੀਤ ਸਿੰਘ ਮਾਰਕੀਟ, ਸੁੰਦਰ ਬਸਤੀ ਸਮੇਤ ਹੋਰਨਾਂ ਥਾਵਾਂ ਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਜਿਨਾਂ ਨੂੰ ਵੇਖਣ ਲਈ ਵੱਡੀ ਗਿਣਤੀ ਲੋਕ ਪੁੱਜੇ ਹੋਏ ਸਨ।
ਪੁਰਸ਼ਾਰਥੀ ਸ੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਸ਼ਾਨਦਾਰ ਧਾਰਮਿਕ ਝਾਕੀਆਂ ਕੱਢੀਆਂ ਗਈਆਂ। ਭਗਵਾਨ ਸ੍ਰੀ ਰਾਮ, ਮਾਤਾ ਸੀਤਾ, ਲਕਸ਼ਮਣ ਜੀ ਅਤੇ ਰਾਵਣ ਆਦਿ ਕਿਰਦਾਰਾਂ ਦੀਆਂ ਆਕਰਸ਼ਕ ਝਾਕੀਆਂ ਦੇ ਦਰਸ਼ਨ ਕਰਕੇ ਸਮੂਹ ਸ਼ਹਿਰ ਵਾਸੀਆਂ ਨੇ ਦੁਸਹਿਰੇ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਥਾਂ-ਥਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।
ਇਹ ਧਾਰਮਿਕ ਸ਼ੋਭਾ ਯਾਤਰਾ ਪੁਰਸ਼ਾਰਥੀ ਸ੍ਰੀ ਰਾਮ ਲੀਲ੍ਹਾ ਗਰਾਊਂਡ ਵਿਖੇ ਪਹੁੰਚ ਕੇ ਸੰਪੰਨ ਹੋਈ, ਜਿੱਥੇ ਸ੍ਰੀ ਰਾਮ ਅਤੇ ਰਾਵਣ ਵਿਚਕਾਰ ਭਿਆਨਕ ਅਤੇ ਰੋਮਾਂਚਕ ਯੁੱਧ ਦਾ ਮੰਚਨ ਹੋਇਆ। ਯੁੱਧ ਦੌਰਾਨ ਰਾਵਣ ਨੇ ਰਾਮ-ਦਲ ਦੇ ਸਾਰੇ ਯੋਧਿਆਂ ਨੂੰ ਲਲਕਾਰਿਆ। ਭਗਵਾਨ ਸ੍ਰੀ ਰਾਮ, ਲਕਸ਼ਮਣ ਜੀ ਅਤੇ ਵੀਰ ਹਨੂੰਮਾਨ ਸਮੇਤ ਹੋਰ ਸਾਰੇ ਯੋਧਿਆਂ ਨਾਲ ਭਾਰੀ ਯੁੱਧ ਹੋਇਆ। ਰਾਵਣ ਦੀ ਮੌਤ ਨਾਲ ਇਸ ਤਰ੍ਹਾਂ ਅਧਰਮ 'ਤੇ ਧਰਮ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਹੋਈ। ਦੁਸਹਿਰਾ ਸਮਾਗਮ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮਹਿਮਾਨ ਸਨ। ਇਸ ਮੌਕੇ ਪੁਰਸ਼ਾਰਥੀ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਜਤਿੰਦਰ ਕਾਲਾ, ਗੌਰਵ ਗਾਬਾ, ਡਾਇਰੈਕਟਰ ਪੰਡਿਤ ਦੇਸਰਾਜ ਮੌਜੂਦ ਸਨ।