ਸੁਪਨੇ ਬਾਹਰਲੇ ਮੁਲਕਾਂ ਦੇ, ਕਾਗਜ਼ ਨਕਲੀ ਤੇ ਭੁਗਤਣਾ ਪੈ ਰਿਹਾ ਭੋਲੇ-ਭਾਲੇ ਜਵਾਕਾਂ ਨੂੰ! ਸੁਪਨੇ ਬਾਹਰਲੇ ਮੁਲਕਾਂ ਦੇ, ਕਾਗਜ਼ ਨਕਲੀ ਤੇ ਭੁਗਤਣਾ ਪੈ ਰਿਹਾ ਭੋਲੇ-ਭਾਲੇ ਜਵਾਕਾਂ ਨੂੰ!
Publish Date: Fri, 17 Jul 2026 05:07 PM (IST)
Updated Date: Sat, 18 Jul 2026 04:04 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਕੁੱਝ ਲਾਲਚੀ ਕਿਸਮ ਦੇ ਏਜੰਟਾਂ ਨੇ ਆਪਣੀਆਂ ਜੇਬਾਂ ਭਰਨ ਖਾਤਰ ਅੱਜ-ਕੱਲ੍ਹ ਅਜਿਹਾ ਚੰਦ ਚਾੜ੍ਹਿਆ ਹੋਇਆ ਕਿ ਸੁਣ ਕੇ ਬੰਦਾ ਹੈਰਾਨ ਰਹਿ ਜਾਵੇ। ਬਾਹਰਲੇ ਮੁਲਕਾਂ ’ਚ ਜਾ ਕੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਚਾਹਵਾਨ ਸੈਂਕੜੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਇਨ੍ਹਾਂ ਏਜੰਟਾਂ ਨੇ ਆਪਣੇ ਨਿੱਕੇ ਜਿਹੇ ਫਾਇਦੇ ਲਈ ਤਬਾਹੀ ਦੇ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ। ਬਰਨਾਲਾ ਪੁਲਿਸ ਨੇ ਇੱਕ ਅਜਿਹੇ ਵੱਡੇ ਇੰਮੀਗ੍ਰੇਸ਼ਨ ਰੈਕੇਟ ਨੂੰ ਨੱਥ ਪਾਈ ਐ, ਜਿਸ ਨੂੰ ਲੁਧਿਆਣੇ ਦੀ ਇਮੀਗ੍ਰੇਸ਼ਨ ਇੰਡਸਟਰੀ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਮੰਨਿਆ ਜਾ ਰਿਹਾ ਹੈ। ਆਸਟ੍ਰੇਲੀਆ ਭੇਜਣ ਦੇ ਨਾਂ ’ਤੇ ਜਵਾਕਾਂ ਤੋਂ ਕਰੋੜਾਂ ਰੁਪਏ ਬਟੋਰੇ ਗਏ ਤੇ ਫਾਈਲਾਂ ’ਚ ‘ਫੇਕ ਫੰਡ’ (ਯਾਨੀ ਜਾਅਲੀ ਬੈਂਕ ਖਾਤੇ ਤੇ ਕਾਗਜ਼) ਲਗਾ ਕੇ ਵਿਦਿਆਰਥੀਆਂ ਦੇ ਭਵਿੱਖ ਦਾ ਖੂਹ ਖਾਤਾ ਕਰ ਦਿੱਤਾ ਗਿਆ। ਇਸ ਖੁਲਾਸੇ ਤੋਂ ਬਾਅਦ ਪੂਰੇ ਪੰਜਾਬ ਦੇ ਇਮੀਗ੍ਰੇਸ਼ਨ ਹਲਕਿਆਂ ’ਚ ਭਾਜੜਾਂ ਪੈ ਗਈਆਂ ਨੇ। ਇਹ ਸਾਰਾ ਗੋਰਖਧੰਦਾ ਲੁਧਿਆਣੇ ਦੀ ਇਕ ਬਹੁਤ ਹੀ ਮਸ਼ਹੂਰ ਇਮੀਗ੍ਰੇਸ਼ਨ ਫਰਮ ‘ਸਮਾਰਟ ਸਟੱਡੀ’ (ਸਮਾਰਟ ਇੰਮੀਗ੍ਰੇਸ਼ਨ) ਦੇ ਦਫ਼ਤਰ ਤੋਂ ਚੱਲ ਰਿਹਾ ਸੀ। ਆਸਟ੍ਰੇਲੀਆਈ ਅੰਬੈਸੀ ਦੇ ਸਖ਼ਤ ਨਿਯਮਾਂ ਨੂੰ ਅੱਖੋਂ-ਪਰੋਖੇ ਕਰਨ ਲਈ, ਇਨ੍ਹਾਂ ਮੁਲਜ਼ਮਾਂ ਨੇ ਵੀਜ਼ਾ ਫਾਈਲਾਂ ’ਚ ਨਕਲੀ ਬੈਂਕ ਦਸਤਾਵੇਜ਼ ਲਗਾਉਣੇ ਸ਼ੁਰੂ ਕਰ ਦਿੱਤੇ, ਤਾਂ ਜੋ ਅੰਬੈਸੀ ਨੂੰ ਇਹ ਦਿਖਾਇਆ ਜਾ ਸਕੇ ਕਿ ਜਵਾਕਾਂ ਕੋਲ ਬਾਹਰ ਪੜ੍ਹਨ ਤੇ ਰਹਿਣ-ਸਹਿਣ ਲਈ ਬਥੇਰਾ ਪੈਸਾ ਹੈਗਾ। --ਲੱਖਾਂ ਰੁਪਏ ਦੇ ਕੇ ਵੀ ਹਨੇਰੇ ’ਚ ਰਹੇ ਵਿਦਿਆਰਥੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਹੜੇ ਮਾਸੂਮ ਜਵਾਕਾਂ ਨੇ ਆਪਣੇ ਮਾਪਿਆਂ ਦੀ ਖੂਨ-ਪਸੀਨੇ ਦੀ ਕਮਾਈ ’ਚੋਂ 10 ਤੋਂ 15 ਲੱਖ ਰੁਪਏ ਇਸ ਕੰਪਨੀ ਨੂੰ ਫੜਾਏ ਸੀ, ਉਹ ਇਸ ਕਾਲੇ ਖੇਡ ਤੋਂ ਬਿਲਕੁਲ ਬੇਖ਼ਬਰ ਸਨ। ਉਨ੍ਹਾਂ ਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਜਿਨ੍ਹਾਂ ਫਾਈਲਾਂ ਦੇ ਸਿਰ ’ਤੇ ਉਹ ਜਹਾਜ਼ੇ ਚੜ੍ਹਨ ਦੇ ਸੁਪਨੇ ਦੇਖ ਰਹੇ ਨੇ, ਉਨ੍ਹਾਂ ’ਚ ਏਜੰਟਾਂ ਨੇ ਨਕਲੀ ਕਾਗਜ਼ ਨੱਥੀ ਕਰ ਦਿੱਤੇ ਨੇ। ਅੱਜ ਹਾਲਾਤ ਇਹ ਨੇ ਕਿ ਉਹ ਨਾ ਸਿਰਫ਼ ਆਪਣੇ ਲੱਖਾਂ ਰੁਪਏ ਗੁਆ ਚੁੱਕੇ ਨੇ, ਬਲਕਿ ਹਮੇਸ਼ਾ ਲਈ ਬਲੈਕਲਿਸਟ (ਬੈਨ) ਹੋਣ ਦੇ ਕੰਢੇ ’ਤੇ ਆ ਖੜ੍ਹੇ ਨੇ। --ਬਰਨਾਲਾ ਪੁਲਿਸ ਨੇ ਮਾਸਟਰਮਾਈਂਡ ਨੂੰ ਦਬੋਚਿਆ ਬਰਨਾਲਾ ਦੇ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਫੂਕ-ਫੂਕ ਕੇ ਕਦਮ ਧਰਦਿਆਂ ‘ਸਮਾਰਟ ਸਟੱਡੀ ਇਮੀਗ੍ਰੇਸ਼ਨ ਦੇ ਇੱਕ ਪਾਰਟਨਰ ਗੁਰਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿਹੁਣ ਤੱਕ ਸਾਹਮਣੇ ਆਏ ਤੱਥਾਂ ਅਨੁਸਾਰ 40 ਤੋਂ 45 ਵਿਦਿਆਰਥੀਆਂ ਨਾਲ ਠੱਗੀ ਮਾਰਨ ਦੀ ਗੱਲ ਪੱਕੀ ਹੋ ਚੁੱਕੀ ਹੈ। ਪਰ ਜਿਵੇਂ-ਜਿਵੇਂ ਪੁਲਿਸ ਦੀ ਤਫ਼ਤੀਸ਼ ਅੱਗੇ ਵਧੂਗੀ, ਇਹ ਅੰਕੜਾ 300 ਤੋਂ 400 ਵਿਦਿਆਰਥੀਆਂ ਤੱਕ ਵੀ ਜਾ ਸਕਦਾ ਹੈ। --ਇਉਂ ਖੁੱਲ੍ਹਿਆ ਭੇਦ, ਪੁਲਿਸ ਹਵਾਲੇ ਤੋਂ ਇਸ ਵੱਡੇ ਘੁਟਾਲੇ ਦਾ ਪਤਾ ਉਦੋਂ ਲੱਗਿਆ ਜਦੋਂ ਭੀਖੀ ਜਿਲ੍ਹਾ ਮਾਨਸਾ ਦੀ ਵਨ ਗਲੋਬਲ ਇਮੀਗ੍ਰੇਸ਼ਨ ਏਜੰਸੀ ਦੇ ਮੈਨੇਜਰ ਹਰਵਿੰਦਰ ਸਿੰਘ ਨੇ ਮਾਨਸਾ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ। ਹਰਵਿੰਦਰ ਨੇ ਦੋਸ਼ ਲਾਇਆ ਕਿ ਕੰਪਨੀ ਦੇ ਦੂਜੇ ਭਾਈਵਾਲ ਹਰਸਿਮਰਨ ਸਿੰਘ ਨੇ ਉਸ ਨਾਲ ਰਾਬਤਾ ਬਣਾਇਆ ਸੀ ਤੇ ਲਾਲਚ ਦਿੱਤਾ ਸੀ ਕਿ ਜਿਨ੍ਹਾਂ ਬੱਚਿਆਂ ਕੋਲ ਖਾਤੇ ’ਚ ਲੋੜੀਂਦੇ ਫੰਡ (ਪੈਸੇ) ਨਹੀਂ ਹੈਗੇ, ਉਹ ਉਨ੍ਹਾਂ ਲਈ ਨਕਲੀ ਤੇ ਜਾਅਲੀ ਦਸਤਾਵੇਜ਼ਾਂ ਦਾ ਜੁਗਾੜ ਕਰਕੇ ਦੇਵੇਗਾ। ਹੁਣ ਬਰਨਾਲਾ ਪੁਲਿਸ ਨੇ ਇਸ ਮਾਮਲੇ ’ਚ ਦੂਜੇ ਪਾਰਟਨਰ ਹਰਸਿਮਰਨ ਸਿੰਘ ਨੂੰ ਵੀ ਕੇਸ ’ਚ ਨਾਮਜ਼ਦ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਫ਼ਰਾਰ ਮੁਲਜ਼ਮ ਨੂੰ ਨੱਪਣ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਇਸ ਰੈਕੇਟ ’ਚ ਫਸਣ ਵਾਲੇ ਦੋਸ਼ੀਆਂ ਦੀ ਲਿਸਟ ਹੋਰ ਲੰਬੀ ਹੋ ਸਕਦੀ ਹੈ।