- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਚਾਹਤ ਨੇ ਪੀਐੱਚਡੀ ਹਾਸਲ ਕਰਕੇ ਸ਼ਹਿਰ ਦਾ ਨਾਮ ਕੀਤਾ ਰੌਸ਼ਨ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਅਹਿਮਦਗੜ੍ਹ ਦੀ ਹੋਣਹਾਰ ਧੀ ਡਾ. ਚਾਹਤ ਨੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਤੋਂ ਥਿਊਰੀਟਿਕਲ ਫਿਜ਼ਿਕਸ ਵਿੱਚ ਪੀਐੱਚਡੀ ਦੀ ਡਿਗਰੀ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਡਾ. ਚਾਹਤ ਨੂੰ ਇਹ ਵੱਕਾਰੀ ਡਿਗਰੀ ਥਾਪਰ ਯੂਨੀਵਰਸਿਟੀ ਦੇ ਕਾਨਵੋਕੇਸ਼ਨ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਦਾਨ ਕੀਤੀ ਗਈ। ਇਸ ਮੌਕੇ ਸੰਸਥਾ ਦੇ ਚਾਂਸਲਰ ਡਾ. ਰਾਜੀਵ ਰੰਜਨ ਵੇਦਰਾਹ ਅਤੇ ਵਾਈਸ ਚਾਂਸਲਰ ਪ੍ਰੋ. ਪਦਮਾਕੁਮਾਰ ਨਾਇਰ ਵੀ ਮੌਜੂਦ ਸਨ।
ਮਨੋਜ ਜਿੰਦਲ ਅਤੇ ਮੋਨਿਕਾ ਜਿੰਦਲ ਦੀ ਧੀ ਡਾ. ਚਾਹਤ ਨੇ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਉੱਚ ਸਿੱਖਿਆ ਦੇ ਖੇਤਰ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਥਿਊਰੀਟਿਕਲ ਫਿਜ਼ਿਕਸ ਵਰਗੇ ਗੰਭੀਰ ਵਿਸ਼ੇ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨਾ ਉਨ੍ਹਾਂ ਦੀ ਵਿਗਿਆਨਕ ਸੋਚ ਅਤੇ ਖੋਜ ਪ੍ਰਤੀ ਸਮਰਪਣ ਦਾ ਪ੍ਰਮਾਣ ਹੈ।
ਜ਼ਿਕਰਯੋਗ ਹੈ ਕਿ ਡਾ. ਚਾਹਤ ਇਸ ਤੋਂ ਪਹਿਲਾਂ ਆਨੰਦ ਈਸ਼ਰ ਪਬਲਿਕ ਸਕੂਲ ਵਿੱਚ ਫਿਜ਼ਿਕਸ ਅਧਿਆਪਕਾ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਦੇ ਪਤੀ ਡਾ. ਨੀਰਜ ਬਾਂਸਲ ਨੇ ਵੀ ਇਸ ਅਕਾਦਮਿਕ ਸਫ਼ਰ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ।
ਡਾ. ਚਾਹਤ ਦੀ ਇਸ ਪ੍ਰਾਪਤੀ ਨੂੰ ਇਲਾਕੇ ਲਈ ਮਾਣ ਵਾਲੀ ਗੱਲ ਦੱਸਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਧੀਆਂ ਵੱਲੋਂ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਅਜਿਹੀਆਂ ਉੱਚੀਆਂ ਪ੍ਰਾਪਤੀਆਂ ਕਰਨਾ ਹੋਰਨਾਂ ਵਿਦਿਆਰਥਣਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਚਾਹਤ ਦੀ ਸਫ਼ਲਤਾ ਨੇ ਇਹ ਸਾਬਤ ਕੀਤਾ ਹੈ ਕਿ ਮਿਹਨਤ, ਲਗਨ ਅਤੇ ਪਰਿਵਾਰਕ ਸਹਿਯੋਗ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।
ਇਸ ਮੌਕੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸਮੂਹ ਸ਼ਹਿਰ ਵਾਸੀਆਂ ਵੱਲੋਂ ਡਾ. ਚਾਹਤ, ਉਨ੍ਹਾਂ ਦੇ ਪਤੀ ਡਾ. ਨੀਰਜ ਬਾਂਸਲ ਅਤੇ ਮਾਪਿਆਂ ਮਨੋਜ ਜਿੰਦਲ ਤੇ ਮੋਨਿਕਾ ਜਿੰਦਲ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਜਾ ਰਹੀ ਹੈ।