ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਨੇਪਰੇ ਚੜ੍ਹਿਆ: ਹਰਪ੍ਰੀਤ ਸਿੰਘ ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਨੇਪਰੇ ਚੜ੍ਹਿਆ: ਹਰਪ੍ਰੀਤ ਸਿੰਘ
Publish Date: Fri, 07 Aug 2026 06:16 PM (IST)
Updated Date: Sat, 08 Aug 2026 04:03 AM (IST)
: ਜ਼ਿਲ੍ਹੇ ’ਚ ਪੋਲਿੰਗ ਬੂਥਾਂ ਦੀ ਗਿਣਤੀ 558 ਤੋਂ ਵਧ ਕੇ 560 ਹੋਈ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) 2026 ਦਾ ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਇਥੇ ਪ੍ਰੈੱਸ ਕਾਨਫਰੰਸ ਕਰਦਿਆਂ ਪਹਿਲੇ ਪੜਾਅ ਦੇ ਸਫਲਤਾ ਪੂਰਵਕ ਮੁਕੰਮਲ ਹੋਣ ਤੇ ਸਾਰੇ ਵੋਟਰਾਂ, ਚੋਣ ਅਮਲੇ ਖਾਸ ਕਰਕੇ ਬੀਐੱਲਓਜ਼, ਰਾਜਨੀਤਕ ਪਾਰਟੀਆਂ ਤੇ ਮੀਡੀਆ ਦਾ ਧੰਨਵਾਦ ਕੀਤਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ 3 ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈਆਰਓ) ਤੋਂ ਇਲਾਵਾ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਏਈਆਰਓ-1 ਤੇ ਏਈਆਰਓ- 2, 58 ਸੁਪਰਵਾਈਜ਼ਰਾਂ ਤੇ 558 ਬੂਥ ਲੈੱਵਲ ਅਫਸਰਾਂ (ਬੀਐੱਲਓ) ਦੇ ਸਮਰਪਿਤ ਯਤਨਾਂ ਸਦਕਾ ਇਹ ਪੜਾਅ ਨੇਪਰੇ ਚਾੜਿਆ ਗਿਆ। ਅਸਲ ਵੋਟਰਾਂ ਤੱਕ ਵੱਧ ਤੋਂ ਵੱਧ ਪਹੁੰਚ ਨੂੰ ਯਕੀਨੀ ਬਣਾਉਣ ਲਈ, 7 ਜੂਨ, 11-12 ਜੁਲਾਈ ਤੇ 19 ਜੁਲਾਈ 2026 ਨੂੰ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਵੀ ਲਗਾਏ ਗਏ। ਜ਼ਿਲ੍ਹੇ ‘ਚ 4,85,873 ਰਜਿਸਟਰਡ ਵੋਟਰ ਸਨ। ਇਨ੍ਹਾਂ ’ਚੋਂ 4,53,618 ਨਾਗਰਿਕਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਕੇ ਸਰਗਰਮੀ ਨਾਲ ਹਿੱਸਾ ਲਿਆ। ਪ੍ਰਾਪਤ ਨਾ ਕੀਤੇ ਗਏ ਯੋਗ ਫਾਰਮਾਂ (ਏਐੱਸਡੀਡੀ-ਗੈਰਹਾਜ਼ਰ/ਸ਼ਿਫਟਡ/ਮ੍ਰਿਤਕ/ਡੁਪਲੀਕੇਟ) ਦੀ ਕੁੱਲ ਗਿਣਤੀ 32255 ਹੈ, ਜੋ ਕੁੱਲ ਵੋਟਰਾਂ ਦਾ 6.64 ਫੀਸਦ ਹੈ। ਇਨ੍ਹਾਂ ’ਚੋਂ ਮ੍ਰਿਤਕ 14099, ਟਰੇਸ ਨਾ ਕੀਤੇ ਗਏ/ਗੈਰਹਾਜ਼ਰ 3996, ਸਥਾਈ ਤੌਰ ਤੇ ਸ਼ਿਫਟ ਹੋਏ 11727, ਹੋਰ 154 ਤੇ ਪਹਿਲਾਂ ਤੋਂ ਇਨਰੋਲਡ 2279 (ਜਿਹੜੇ ਕਿਸੇ ਹੋਰ ਜਗ੍ਹਾ ਉੱਤੇ ਰਜਿਸਟਰਡ) ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਹਰੇਕ ਰਜਿਸਟਰਡ ਵੋਟਰ ਤੱਕ ਪਹੁੰਚ ਕਰਨ ਲਈ ਹਰ ਸੰਭਵ ਯਤਨ ਕੀਤਾ ਗਿਆ ਹੈ। ਹਾਲਾਂਕਿ, ਜੇਕਰ ਕਿਸੇ ਵਿਅਕਤੀ ਦਾ ਨਾਮ ਡਰਾਫਟ ਵੋਟਰ ਸੂਚੀ ‘ਚ ਦਰਜ ਹੋਣ ਤੋਂ ਰਹਿ ਗਿਆ ਹੈ ਤਾਂ ਉਹ 13 ਅਗਸਤ 2026 ਤੋਂ 12 ਸਤੰਬਰ 2026 ਦਰਮਿਆਨ ਫਾਰਮ ਨੰਬਰ 6 ਭਰ ਕੇ ਆਨਲਾਈਨ ਜਾਂ ਦਸਤੀ ਰੂਪ ਵਿੱਚ ਵਿੱਚ ਆਪਣਾ ਕਲੇਮ ਦਰਜ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਵੋਟਰਾਂ ਦੇ ਫਾਰਮ ਪ੍ਰਾਪਤ ਹੋਏ ਹਨ ਪਰ ਮੈਪਿੰਗ 2003 ਦੀ ਵੋਟਰ ਸੂਚੀ ਨਾਲ ਨਹੀਂ ਹੋਈ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਣ-ਮੈਪਡ ਵੋਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ 13 ਅਗਸਤ, 2026 ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਕਰਕੇ ਕੋਈ ਯੋਗ ਵੋਟਰ ਰਹਿ ਗਿਆ ਹੈ ਤਾਂ ਉਹ ਦਾਅਵੇ ਅਤੇ ਇਤਰਾਜ਼ ਦਰਜ ਕਰਾਉਣ ਦੀ ਮਿਆਦ (13 ਅਗਸਤ ਤੋਂ 12 ਸਤੰਬਰ 2026) ਦੇ ਪੜਾਅ ’ਚ ਸਰਗਰਮੀ ਨਾਲ ਹਿੱਸਾ ਲੈਣ ਤਾਂ ਜੋ ਅੰਤਿਮ ਵੋਟਰ ਸੂਚੀ ’ਚ ਉਨ੍ਹਾਂ ਦੇ ਨਾਮ ਸ਼ਾਮਲ ਹੋ ਸਕਣ। ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ 2026 ਤੱਕ ਕੀਤਾ ਜਾਵੇਗਾ ਤੇ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਪੋਲਿੰਗ ਬੂਥਾਂ ਦੀ ਰੈਸ਼ਨੇਲਾਈਜੇਸ਼ਨ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਵਿਚ ਪੋਲਿੰਗ ਬੂਥਾਂ ਦੀ ਗਿਣਤੀ 558 ਤੋਂ ਵੱਧ ਕੇ 560 ਹੋ ਗਈ ਹੈ। ਵਿਧਾਨ ਸਭਾ ਹਲਕਾ 103 ਬਰਨਾਲਾ ‘ਚ ਇੱਕ ਤੇ ਵਿਧਾਨ ਸਭਾ ਹਲਕਾ 104 ਮਹਿਲ ਕਲਾਂ ’ਚ ਇੱਕ ਪੋਲਿੰਗ ਬੂਥ ਦਾ ਵਾਧਾ ਕੀਤਾ ਗਿਆ ਹੈ।