ਦਿਵਿਆਂਗ ਏਕਤਾ ਮੋਰਚਾ ਨੇ ਕੀਤਾ ਰੋਸ ਮਾਰਚ ਦਿਵਿਆਂਗ ਏਕਤਾ ਮੋਰਚਾ ਨੇ ਕੀਤਾ ਰੋਸ ਮਾਰਚ
Publish Date: Sat, 22 Aug 2026 05:23 PM (IST)
Updated Date: Sun, 23 Aug 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੀ 6 ਅਗਸਤ ਤੋਂ ਸੰਘਰਸ਼ ਕਰ ਰਹੇ ‘ਦਿਵਿਆਂਗ ਏਕਤਾ ਮੋਰਚਾ ਪੰਜਾਬ’ ਨੇ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਧੂਰੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਆਪਣਾ ਪੱਕਾ ਧਰਨਾ ਅਨਾਜ ਮੰਡੀ ਤੋਂ ਤਬਦੀਲ ਕਰਕੇ ਤ੍ਰਿਵੇਣੀ ਚੌਕ ਵਿੱਚ ਲਾ ਦਿੱਤਾ ਹੈ। ਇਸ ਤੋਂ ਇਲਾਵਾ ਕੱਕੜਵਾਲ ਚੌਕ ਵਿੱਚ ਚੱਕਾ ਜਾਮ ਕਰਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ। ਇਸ ਮੌਕੇ ਪ੍ਰਧਾਨ ਲਾਭ ਸਿੰਘ ਹੀਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰੇਕ ਦਿਵਿਆਂਗ ਵਿਅਕਤੀ ਨੂੰ 5,000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦਿੱਤਾ ਜਾਵੇ। ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਵਿੱਚ ਪਹਿਲ ਦੇਣ ਦੇ ਨਾਲ-ਨਾਲ ਨਿੱਜੀ ਕੰਪਨੀਆਂ ਅਤੇ ਫੈਕਟਰੀਆਂ ਵਿੱਚ 5 ਫੀਸਦੀ ਕੋਟਾ ਰਾਖਵਾਂ ਕਰਨ, ਨਿੱਜੀ ਸਕੂਲਾਂ ਵਿੱਚ ਬੱਚਿਆਂ ਲਈ ਮੁਫ਼ਤ ਸਿੱਖਿਆ, ਬਿਨਾਂ ਗਾਰੰਟੀ ਬੈਂਕ ਕਰਜ਼ਾ, ਈ-ਰਿਕਸ਼ਾ ਦੀ ਸਹੂਲਤ ਅਤੇ ਸਰਕਾਰੀ ਨੌਕਰੀਆਂ ਲਈ ਫੀਸ ਮੁਆਫ਼ੀ ਵਰਗੀਆਂ ਮੰਗਾਂ ਵੀ ਜ਼ੋਰਦਾਰ ਢੰਗ ਨਾਲ ਚੁੱਕੀਆਂ ਗਈਆਂ। ਉਨ੍ਹਾਂ ਦਿਵਿਆਂਗ ਕਲਿਆਣ ਐਕਟ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ, ਰੁਜ਼ਗਾਰ ਲਈ ਵਿਸ਼ੇਸ਼ ਯੋਜਨਾਵਾਂ ਚਲਾਉਣ, ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਵਿੱਚ ਦਿਵਿਆਂਗਾਂ ਨੂੰ ਪਹਿਲ ਦੇਣ, ਦਿਵਿਆਂਗ ਖਿਡਾਰੀਆਂ ਨੂੰ ਨੌਕਰੀਆਂ ਵਿੱਚ ਤਰਜੀਹ ਦੇਣ ਅਤੇ ਕੌਂਸਲਰ ਤੋਂ ਲੈ ਕੇ ਸੰਸਦ ਦੀਆਂ ਚੋਣਾਂ ਤੱਕ ਵਿਸ਼ੇਸ਼ ਕੋਟਾ ਨਿਰਧਾਰਤ ਕਰਨ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋ ਤੱਕ ਮੰਗਾਂ ਦਾ ਸਥਾਈ ਹੱਲ ਨਹੀ ਹੁੰਦਾ, ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।