- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਿਤ ਬਾਂਸਲ ਨੇ ਬਣਾਇਆ ਵਿਸ਼ਵ ਰਿਕਾਰਡ, ਵਿਧਾਇਕ ਕਾਲਾ ਢਿੱਲੋਂ ਨੇ ਕੀਤਾ ਸਨਮਾਨਿਤ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵਿਦਿਆਰਥੀ ਦਿਵਿਤ ਬਾਂਸਲ ਨੇ ਆਪਣੀ ਤੇਜ਼ ਗਣਿਤੀ ਸਮਰੱਥਾ ਦੇ ਬਲਬੂਤੇ ਇੱਕ ਸ਼ਾਨਦਾਰ ਉਪਲਬਧੀ ਹਾਸਲ ਕਰਕੇ ਬਰਨਾਲਾ ਦਾ ਨਾਂ ਰੋਸ਼ਨ ਕੀਤਾ ਹੈ। ਦਿਵਿਤ ਬਾਂਸਲ ਨੇ 4 ਅੰਕਾਂ ਵਾਲੇ 50 ਡਵੀਜ਼ਨ ਦੇ ਸਵਾਲ, 3 ਅੰਕਾਂ ਨਾਲ ਭਾਗ ਕਰਦੇ ਹੋਏ ਸਿਰਫ਼ 41.72 ਸਕਿੰਟਾਂ ’ਚ ਹੱਲ ਕਰਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ’ਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਮਾਣਮੱਤੀ ਪ੍ਰਾਪਤੀ ’ਤੇ ਬਰਨਾਲਾ ਦੇ ਐੱਮਐੱਲਏ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਦਿਵਿਤ ਬਾਂਸਲ ਨੂੰ ਸਨਮਾਨਿਤ ਕੀਤਾ ਗਿਆ ਤੇ ਉਸਦੀ ਇਸ ਵਿਲੱਖਣ ਪ੍ਰਤਿਭਾ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਦਿਵਿਤ ਦੀ ਇਸ ਕਾਮਯਾਬੀ ਨੂੰ ਬਰਨਾਲਾ ਲਈ ਮਾਣ ਵਾਲੀ ਗੱਲ ਦੱਸਿਆ ਗਿਆ। ਦਿਵਿਤ ਬਾਂਸਲ ਦੇ ਪਿਤਾ ਮੁਕੇਸ਼ ਬਾਂਸਲ ਤੇ ਮਾਤਾ ਰਿਤੂ ਬਾਂਸਲ ਨੇ ਵੀ ਆਪਣੇ ਬੇਟੇ ਦੀ ਇਸ ਉਪਲੱਬਧੀ ’ਤੇ ਖੁਸ਼ੀ ਜ਼ਾਹਿਰ ਕੀਤੀ। ਦਿਵਿਤ ਦੀ ਇਸ ਸਫਲਤਾ ਦੇ ਪਿੱਛੇ ਉਸਦੀ ਮਿਹਨਤ ਦੇ ਨਾਲ-ਨਾਲ ਉਸਦੇ ਅਧਿਆਪਕਾਂ ਦਾ ਵੀ ਅਹਿਮ ਯੋਗਦਾਨ ਰਿਹਾ। ਦਿਵਿਤ ਨੇ ਸਟੱਡੀ ਪੁਆਇੰਟ ਅਕੈਡਮੀ ਕੇ.ਸੀ. ਰੋਡ, ਗਲੀ ਨੰਬਰ 1 ਬਰਨਾਲਾ ’ਵਿੱਚ ਆਪਣੇ ਅਧਿਆਪਕ ਆਸ਼ੀਸ਼ ਸਿੰਗਲਾ ਤੇ ਸ਼ਿਖਾ ਬਾਂਸਲ ਦੀ ਰਹਿਨੁਮਾਈ ਹੇਠ ਤਿਆਰੀ ਕੀਤੀ। ਦਿਵਿਤ ਬਾਂਸਲ ਦੀ ਇਹ ਕਾਮਯਾਬੀ ਨਾ ਸਿਰਫ਼ ਉਸਦੇ ਪਰਿਵਾਰ ਅਤੇ ਅਧਿਆਪਕਾਂ ਲਈ ਮਾਣ ਦੀ ਗੱਲ ਹੈ, ਸਗੋਂ ਬਰਨਾਲਾ ਦੇ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਬਣੀ ਹੈ ਕਿ ਮਿਹਨਤ, ਲਗਨ ਅਤੇ ਸਹੀ ਮਾਰਗਦਰਸ਼ਨ ਨਾਲ ਹਰ ਵੱਡਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।