ਧੜੇਬੰਦੀਆਂ ਤੋਂ ਉੱਪਰ ਉੱਠ ਕੇ ਲੌਂਗੋਵਾਲ ਦੇ ਵਿਕਾਸ ਨੂੰ ਦਿੱਤੀ ਜਾਵੇਗੀ ਹੋਰ ਤੇਜ਼ੀ: ਅਮਨ ਅਰੋੜਾ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਲੌਂਗੋਵਾਲ ਦੇ ਵਿਕਾਸ ਨੂੰ ਦਿੱਤੀ ਜਾਵੇਗੀ ਹੋਰ ਤੇਜ਼ੀ: ਅਮਨ ਅਰੋੜਾ
Publish Date: Sun, 04 Oct 2026 03:00 PM (IST)
Updated Date: Mon, 05 Oct 2026 04:02 AM (IST)
ਕਰਨਵੀਰ ਸਿੰਘ, ਪੰਜਾਬੀ ਜਾਗਰਣ, ਲੌਂਗੋਵਾਲ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਲੌਂਗੋਵਾਲ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਮੁੱਖ ਤਰਜੀਹ ਹੈ ਅਤੇ ਸਿਆਸੀ ਮਤਭੇਦਾਂ ਤੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਹਰ ਸਾਥੀ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇੱਕਜੁੱਟਤਾ ਅਤੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਲੌਂਗੋਵਾਲ ਦੇ ਵਿਕਾਸ ਕਾਰਜਾਂ ਨੂੰ ਦੁੱਗਣੀ-ਤਿੱਗਣੀ ਰਫ਼ਤਾਰ ਨਾਲ ਅੱਗੇ ਵਧਾਇਆ ਜਾਵੇਗਾ। ਕੈਬਨਿਟ ਮੰਤਰੀ ਲੌਂਗੋਵਾਲ ਵਿਖੇ ਵਾਰਡ ਨੰਬਰ 4 ਦੇ ਕੌਂਸਲਰ ਗੁਰਪਾਲ ਸਿੰਘ ਪਾਲੀ ਅਤੇ ਉਨ੍ਹਾਂ ਦੇ ਸਾਥੀਆਂ ਤੇ ਪਰਿਵਾਰਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿਹਾ ਕਿ ਪੁਰਾਣੇ ਸਿਆਸੀ ਮਤਭੇਦਾਂ ਨੂੰ ਪਾਸੇ ਰੱਖ ਕੇ ਸ਼ਹਿਰ ਅਤੇ ਵਾਰਡਾਂ ਦੇ ਵਿਕਾਸ ਲਈ ਇਕੱਠੇ ਹੋਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਸਤਨਾਮ ਸਿੰਘ, ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਹੋਰਨਾਂ ਸਾਥੀਆਂ ਵੱਲੋਂ ਇਕਜੁੱਟਤਾ ਲਈ ਨਿਭਾਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਲੋੜਾਂ ਅਤੇ ਇਲਾਕੇ ਦੇ ਵਿਕਾਸ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਣ ਵਾਲੀ ਰਾਜਨੀਤੀ ਹੀ ਸਾਰਥਕ ਨਤੀਜੇ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਲੌਂਗੋਵਾਲ ਵਿੱਚ ਪਹਿਲਾਂ ਹੋਏ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਅਤੇ ਸ਼ਹਿਰ ਦੀ ਬਿਹਤਰੀ ਲਈ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਲੋਕਾਂ ਨਾਲ ਨਿਰੰਤਰ ਰਾਬਤਾ ਬਣਾਈ ਰੱਖਣ ਅਤੇ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਉਠਾਉਣ ਦਾ ਸੱਦਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਸ਼ਿਆਂ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਦੇ ਬਿਆਨਾਂ ਦਾ ਜਵਾਬ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੁਰਾਣੀਆਂ ਪਾਰਟੀਆਂ ਨੂੰ ਆਪਣੇ ਕਾਰਜਕਾਲ ਦੌਰਾਨ ਨਿਭਾਈ ਭੂਮਿਕਾ ਬਾਰੇ ਵੀ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਨਸ਼ਿਆਂ ਦੇ ਖ਼ਾਤਮੇ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਦੇ ਕਾਰਜਕਾਲ ਦੇ ਨਤੀਜੇ ਲੋਕਾਂ ਦੇ ਸਾਹਮਣੇ ਹਨ। ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਸਾਲ 2007 ਤੋਂ 2017 ਤੱਕ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ‘ਚਿੱਟੇ’ ਦਾ ਪਸਾਰ ਹੋਇਆ ਅਤੇ ਨਸ਼ਿਆਂ ਨੂੰ ਰੋਕਣ ਦੀ ਥਾਂ ਸਰਕਾਰੀ ਗੱਡੀਆਂ ਵਿੱਚ ਵੀ ਨਸ਼ਾ ਵਿਕਦਾ ਰਿਹਾ। ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਸਮੇਂ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਪਾਰਟੀ ਨੇ ਇਸ ਸਮੱਸਿਆ ਨੂੰ ਰੋਕਣ ਲਈ ਕੀ ਭੂਮਿਕਾ ਨਿਭਾਈ।