
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਘਰੇਲੂ ਬਗੀਚੀ ’ਚ ਸਬਜ਼ੀਆਂ ਦੀ ਕਾਸ਼ਤ ਲਈ ਪ੍ਰਦਰਸ਼ਨੀਆਂ ਲਾਈਆਂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੌਜੂਦਾ ਝੋਨੇ ਦੀ ਫ਼ਸਲ ਵਿੱਚੋਂ ਫੋਕ ਘਟਾਉਣ ਲਈ ਪੀਏਯੂ-ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਪਿੰਡ ਖੋਖਰ ਕਲਾਂ ਵਿਖੇ ਪ੍ਰਦਰਸ਼ਨੀ ਲਾਈ ਗਈ।
ਇਸ ਮੌਕੇ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਵੱਧ ਪੈਦਾਵਾਰ ਅਤੇ ਚੰਗੀ ਗੁਣਵੱਤਾ ਪ੍ਰਾਪਤ ਕਰਨ ਲਈ ਫ਼ਸਲ ਦੇ ਪੂਰੇ ਵਾਧੇ ਦੇ ਸਮੇਂ ਦੌਰਾਨ ਸੰਤੁਲਿਤ ਖੁਰਾਕੀ ਤੱਤਾਂ ਦੀ ਉਪਲਬਧਤਾ ਬਹੁਤ ਜ਼ਰੂਰੀ ਹੈ। ਗੋਭ ਦੇ ਭਰਨ ਸਮੇਂ ਖੁਰਾਕੀ ਤੱਤਾਂ ਦੀ ਘਾਟ ਹੋਣ ਕਾਰਨ ਦਾਣਿਆਂ ਦਾ ਭਰਨਾ ਘਟ ਸਕਦਾ ਹੈ, ਖਾਲੀ ਦਾਣਿਆਂ ਦੀ ਗਿਣਤੀ ਵੱਧ ਸਕਦੀ ਹੈ ਅਤੇ ਦਾਣੇ ਹਲਕੇ ਰਹਿ ਸਕਦੇ ਹਨ, ਜਿਸ ਨਾਲ ਅੰਤ ਵਿੱਚ ਫ਼ਸਲ ਦੀ ਪੈਦਾਵਾਰ ਘਟ ਸਕਦੀ ਹੈ। ਇਸ ਲਈ ਇਸ ਨਾਜ਼ੁਕ ਪੜਾਅ ’ਤੇ ਪੱਤਿਆਂ ਰਾਹੀਂ ਖੁਰਾਕੀ ਤੱਤਾਂ ਦੀ ਪੂਰਤੀ ਕਰਨ ਨਾਲ ਫ਼ਸਲ ਨੂੰ ਉਸ ਸਮੇਂ ਲੋੜੀਂਦੇ ਤੱਤ ਤੇਜ਼ੀ ਨਾਲ ਉਪਲਬਧ ਕਰਵਾਉਣ ਵਿੱਚ ਮਦਦ ਮਿਲਦੀ ਹੈ। ਝੋਨੇ ਵਿੱਚ ਫੋਕ ਘਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 1.5 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) (3 ਕਿੱਲੋ ਪੋਟਾਸ਼ੀਅਮ ਨਾਈਟ੍ਰੇਟ 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਦਾ ਛਿੜਕਾਅ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ। ਪੋਟਾਸ਼ੀਅਮ ਨਾਈਟ੍ਰੇਟ ਦਾ ਪੱਤਿਆਂ ’ਤੇ ਛਿੜਕਾਅ ਇਨ੍ਹਾਂ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਸਿੱਧੀ ਅਤੇ ਤੇਜ਼ ਪੂਰਤੀ ਦਾ ਇੱਕ ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਤਰੀਕਾ ਹੈ। ਛਿੜਕਾਅ ਕਰਦੇ ਸਮੇਂ ਪੱਤਿਆਂ, ਖਾਸ ਕਰਕੇ ਉੱਪਰਲੇ ਪੱਤਿਆਂ ’ਤੇ ਘੋਲ ਦੀ ਚੰਗੀ ਕਵਰੇਜ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਅਤੇ ਪ੍ਰਦਰਸ਼ਨੀ ਦੇ ਤੌਰ ਤੇ ਕਿਸਾਨਾਂ ਨੂੰ ਪੋਟਾਸ਼ੀਅਮ ਨਾਈਟ੍ਰੇਟ ਉਪਲੱਬਧ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਝੋਨੇ ਦੇ ਮੁੱਖ ਕੀੜੇ-ਮਕੌੜਿਆਂ, ਜਿਵੇਂ ਤਣੇ ਦੇ ਗੰਢੂਏ ਅਤੇ ਪੱਤਾ ਲਪੇਟ ਸੁੰਡੀ, ਦੀ ਪਛਾਣ ਅਤੇ ਪ੍ਰਭਾਵਸ਼ਾਲੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕੀਟਨਾਸ਼ਕਾਂ ਦਾ ਛਿੜਕਾਅ ਕੇਵਲ ਉਸ ਸਮੇਂ ਹੀ ਕੀਤਾ ਜਾਵੇ ਜਦੋਂ ਕੀੜੇ ਦੀ ਗਿਣਤੀ ਆਰਥਿਕ ਨੁਕਸਾਨ ਪੱਧਰ ਤੋਂ ਵੱਧ ਹੋਵੇ। ਇਸ ਨਾਲ ਬੇਲੋੜੇ ਕੀਟਨਾਸ਼ਕਾਂ ਦੀ ਵਰਤੋਂ, ਖਰਚੇ ਅਤੇ ਵਾਤਾਵਰਨ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾ ਸਕਦਾ ਹੈ। ਕੈਂਪ ਦੇ ਆਯੋਜਨ ਵਿੱਚ ਪਿੰਡ ਦੇ ਨਿਰਮਲ ਸਿੰਘ, ਹਰਵਿੰਦਰ ਸਿੰਘ, ਜੋਧਾ ਸਿੰਘ, ਜਸਵਿੰਦਰ ਸਿੰਘ, ਅੰਤਰਦੇਵ ਇੰਦਰਜੀਤ ਸਿੰਘ ਨੇ ਸਹਿਯੋਗ ਦਿੱਤਾ।