ਆਯੁਰਵੈਦ ਨੂੰ ਰਾਸ਼ਟਰੀ ਚਿਕਿਤਸਾ ਪੱਧਤੀ ਦਾ ਦਰਜਾ ਦੇਣ ਦੀ ਮੰਗ ਆਯੁਰਵੈਦ ਨੂੰ ਰਾਸ਼ਟਰੀ ਚਿਕਿਤਸਾ ਪੱਧਤੀ ਦਾ ਦਰਜਾ ਦੇਣ ਦੀ ਮੰਗ
Publish Date: Sat, 26 Sep 2026 03:25 PM (IST)
Updated Date: Sun, 27 Sep 2026 04:00 AM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਭਾਰਤ ਦੀ ਪ੍ਰਾਚੀਨ ਚਿਕਿਤਸਾ ਵਿਰਾਸਤ ਆਯੁਰਵੈਦ ਨੂੰ ਦੇਸ਼ ਦੀ ਮੂਲ ਰਾਸ਼ਟਰੀ ਚਿਕਿਤਸਾ ਪੱਧਤੀ ਐਲਾਨਣ ਦੀ ਮੰਗ ਨੂੰ ਲੈ ਕੇ ਵਿਸ਼ਵ ਆਯੁਰਵੈਦ ਪਰਿਸ਼ਦ ਨੇ ਕੇਂਦਰ ਸਰਕਾਰ ਦਾ ਧਿਆਨ ਖਿੱਚਿਆ ਹੈ। ਪਰਿਸ਼ਦ ਵੱਲੋਂ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਮ ਮੈਮੋਰੰਡਮ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਸੌਂਪਿਆ ਗਿਆ। ਜ਼ਿਲ੍ਹਾ ਕਨਵੀਨਰ ਡਾ. ਰਵੀ ਕਾਂਤ ਮਦਾਨ ਅਤੇ ਜ਼ਿਲ੍ਹਾ ਕੋ-ਕਨਵੀਨਰ ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਮੈਮੋਰੰਡਮ ਸੌਂਪਦਿਆਂ ਆਯੁਰਵੈਦ ਨੂੰ ਮਜ਼ਬੂਤ ਕਰਨ ਲਈ ਸਰਕਾਰੀ ਪੱਧਰ ’ਤੇ ਢੁਕਵੇਂ ਕਦਮ ਚੁੱਕਣ ਦੀ ਮੰਗ ਕੀਤੀ। ਮੈਮੋਰੰਡਮ ਵਿੱਚ ਕਿਹਾ ਗਿਆ ਹੈ ਕਿ ਆਯੁਰਵੈਦ ਸਿਰਫ਼ ਇਲਾਜ ਦੀ ਇੱਕ ਪਰੰਪਰਾਗਤ ਵਿਧੀ ਨਹੀਂ, ਸਗੋਂ ਸਿਹਤਮੰਦ ਜੀਵਨ ਨਾਲ ਸਬੰਧਤ ਵਿਸ਼ਾਲ ਗਿਆਨ ਪ੍ਰਣਾਲੀ ਹੈ। ਇਸ ਵਿੱਚ ਸਿਹਤ ਦੀ ਸੰਭਾਲ, ਰੋਗਾਂ ਤੋਂ ਬਚਾਅ ਅਤੇ ਇਲਾਜ ਨਾਲ ਸਬੰਧਤ ਸਦੀਆਂ ਪੁਰਾਣਾ ਗਿਆਨ ਮੌਜੂਦ ਹੈ। ਪਰਿਸ਼ਦ ਨੇ ਇਸ ਗਿਆਨ ਨੂੰ ਆਧੁਨਿਕ ਖੋਜ, ਵਿਗਿਆਨਕ ਪੜਚੋਲ ਅਤੇ ਤਕਨੀਕ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਮੈਮੋਰੰਡਮ ਵਿੱਚ ਆਯੁਰਵੈਦ ਨੂੰ ਮਜ਼ਬੂਤ ਕਰਨ ਲਈ ਮੁੱਢਲੇ ਸਿਹਤ ਕੇਂਦਰਾਂ ਤੋਂ ਲੈ ਕੇ ਉੱਚ ਪੱਧਰੀ ਚਿਕਿਤਸਾ ਸੰਸਥਾਵਾਂ ਤੱਕ ਬੁਨਿਆਦੀ ਢਾਂਚਾ ਅਤੇ ਤਕਨੀਕੀ ਸਹੂਲਤਾਂ ਵਧਾਉਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਆਯੁਰਵੈਦਿਕ ਸਿੱਖਿਆ ਅਤੇ ਖੋਜ ਨੂੰ ਵੀ ਵਧੇਰੇ ਉਤਸ਼ਾਹ ਦੇਣ ਦੀ ਗੱਲ ਕਹੀ ਗਈ ਹੈ, ਤਾਂ ਜੋ ਨਵੀਂ ਪੀੜ੍ਹੀ ਦੇ ਚਿਕਿਤਸਕ ਅਤੇ ਖੋਜਕਰਤਾ ਇਸ ਖੇਤਰ ਵਿੱਚ ਆਧੁਨਿਕ ਲੋੜਾਂ ਅਨੁਸਾਰ ਕੰਮ ਕਰ ਸਕਣ। ਪਰਿਸ਼ਦ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਆਯੁਰਵੈਦ ਦੇ ਪ੍ਰਾਚੀਨ ਗਿਆਨ ਨੂੰ ਆਧੁਨਿਕ ਖੋਜ ਦੇ ਮਾਪਦੰਡਾਂ ਨਾਲ ਜੋੜਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾਵੇ। ਇਸ ਲਈ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਿਚਕਾਰ ਖੋਜ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਨਾਲ ਆਯੁਰਵੈਦ ਦੇ ਪਰੰਪਰਾਗਤ ਗਿਆਨ ਦੀ ਵਿਗਿਆਨਕ ਪੜਚੋਲ ਦੇ ਨਾਲ-ਨਾਲ ਇਸ ਦੀਆਂ ਸੰਭਾਵਨਾਵਾਂ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਇਸ ਮੌਕੇ ਡਾ. ਰਵੀ ਕਾਂਤ ਮਦਾਨ ਅਤੇ ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਕਿਹਾ ਕਿ ਆਯੁਰਵੈਦ ਦੀ ਵਿਰਾਸਤ ਨੂੰ ਸੰਭਾਲਣ ਦੇ ਨਾਲ ਇਸ ਨੂੰ ਆਧੁਨਿਕ ਸਮੇਂ ਦੀਆਂ ਲੋੜਾਂ ਅਨੁਸਾਰ ਵਿਕਸਿਤ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੋਜ, ਸਿੱਖਿਆ, ਤਕਨੀਕੀ ਸਹੂਲਤਾਂ ਅਤੇ ਚਿਕਿਤਸਾ ਸੇਵਾਵਾਂ ਦੇ ਵਿਸਥਾਰ ਨਾਲ ਆਯੁਰਵੈਦ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਲਿਜਾਇਆ ਜਾ ਸਕਦਾ ਹੈ।