
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮਦਗੜ੍ਹ ਦੇ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਇਸਨੂੰ ਅਹਿਮਦਗੜ੍ਹ ਸ਼ਹਿਰ ਦੀ ਬਦਕਿਸਮਤੀ ਆਖੋ ਜਾਂ 40 ਹਜ਼ਾਰ ਅਬਾਦੀ ਨਾਲ ਨਾ-ਇਨਸਾਫੀ ਕਿ ਇੱਥੇ ਇੱਕ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹੀ ਹੈ। ਬੇਸ਼ੱਕ ਸੈਕੰਡਰੀ ਸਕੂਲ ਵਰਗੀ ਇਮਾਰਤ ਹੈ, ਪ੍ਰੰਤੂ ਹਾਲੇ ਵੀ ਇਹ ਸਰਕਾਰੀ ਹਾਈ ਸਕੂਲ ਤੱਕ ਹੀ ਚੱਲ ਰਹੀ ਹੈ। ਹਾਲਾਂਕਿ,ਸ਼ਹਿਰ ਦੇ ਲੋਕਾਂ ਵੱਲੋਂ ਕਈ ਵਾਰ ਮੰਗ ਕੀਤੀ ਗਈ ਹੈ ਕਿ ਸਰਕਾਰੀ ਹਾਈ ਸਕੂਲ ਨੂੰ ਅਪ੍ਰਗੇਡ ਕਰਕੇ ਸੀਨੀਅਰ ਸੈਕੰਡਰੀ ਕੀਤਾ ਜਾਵੇ, ਪ੍ਰੰਤੂ ਹਾਲੇ ਤੱਕ ਲੋਕਾਂ ਦੀ ਮੰਗ ਨੂੰ ਬੂਰ ਨਹੀ ਪਿਆ।
ਅਹਿਮਦਗੜ੍ਹ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਘਾਟ ਕਾਰਨ ਵਿਦਿਆਰਥੀਆਂ, ਖਾਸ ਕਰਕੇ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪਰਿਵਾਰਾਂ ਦੀ ਆਰਥਿਕ ਹਾਲਤ ਅਜਿਹੀ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ ਮਹਿੰਗੇ ਨਿੱਜੀ ਸਕੂਲਾਂ ਦੀਆਂ ਫੀਸਾਂ, ਕਿਤਾਬਾਂ, ਵਰਦੀਆਂ ਅਤੇ ਹੋਰ ਖਰਚੇ ਦੇ ਸਕਣ।
ਸੀਐੱਮ ਨੇ ਇੱਕ ਸਾਲ ਪਹਿਲਾਂ ਕੀਤਾ ਸੀ ਵਾਅਦਾ, ਹਾਲੇ ਵਫਾ ਨਾ ਹੋਇਆ
ਇਲਾਕਾ ਵਾਸੀਆਂ ਨੇ ਕਿਹਾ ਕਿ ਅੱਜ ਤੋਂ ਕਰੀਬ ਇੱਕ ਸਾਲ ਪਹਿਲਾਂ ਅਹਿਮਦਗੜ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਸਬ ਡਵੀਜ਼ਨ ਦਾ ਉਦਘਾਟਨ ਕਰਨ ਸਮੇ ਵਾਅਦਾ ਕੀਤਾ ਸੀ ਕਿ ਇਸ ਸਰਕਾਰੀ ਸਕੂਲ ਨੂੰ ਜਲਦ ਹੀ ਹਾਈ ਸਕੂਲ ਤੋਂ ਸੀਨੀਅਰ ਸੈਕੰਡਰੀ ਸਕੂਲ (ਬਾਰ੍ਹਵੀ) ਤੱਕ ਅਪਗ੍ਰੇਡ ਕਰ ਦਿੱਤਾ ਜਾਵੇਗਾ। ਪਰ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਵਾਅਦੇ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ, ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਬਾਰ੍ਹਵੀਂ ਦੇ ਹਿਸਾਬ ਨਾਲ ਤਿਆਰ ਹੈ ਸਕੂਲ ਦੀ ਇਮਾਰਤ
ਜ਼ਿਕਰਯੋਗ ਹੈ ਕਿ ਇਸ ਸਰਕਾਰੀ ਸਕੂਲ ਦੀ ਇਮਾਰਤ ਨੂੰ ਬਾਰ੍ਹਵੀਂ ਪੱਧਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ ਅਤੇ ਸਕੂਲ ਦੀ ਇਮਾਰਤ ਬਹੁਤ ਹੀ ਸੁੰਦਰ ਤੇ ਵਧੀਆ ਬਣੀ ਹੋਈ ਹੈ। ਇਸ ਦੇ ਬਾਵਜੂਦ ਸਕੂਲ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅਪਗ੍ਰੇਡ ਨਾ ਕੀਤੇ ਜਾਣ ’ਤੇ ਸਵਾਲ ਉੱਠ ਰਹੇ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਅਧਿਆਪਕਾਂ ਦੀ ਵੀ ਘਾਟ ਦੱਸੀ ਜਾ ਰਹੀ ਹੈ, ਜਿਸ ਦਾ ਸਿੱਧਾ ਪ੍ਰਭਾਵ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਪੈਂਦਾ ਹੈ।
ਮੁੰਡੇ ਅਹਿਮਦਗੜ੍ਹ ਵੈਲਫੇਅਰ ਕਲੱਬ ਦੇ ਪ੍ਰਧਾਨ ਰਕੇਸ਼ ਗਰਗ, ਵਿਸ਼ਵਕਰਮਾ ਮੰਦਰ ਦੇ ਪ੍ਰਧਾਨ ਤਰਲੋਚਨ ਸਿੰਘ ਚਾਪੜਾ ਅਤੇ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਦੇ ਸਕੱਤਰ ਤਰਸੇਮ ਗਰਗ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਹਿਮਦਗੜ੍ਹ ਦੇ ਇਸ ਸਰਕਾਰੀ ਹਾਈ ਸਕੂਲ ਨੂੰ ਛੇਤੀ ਸੀਨੀਅਰ ਸੈਕੰਡਰੀ ਸਕੂਲ (ਬਾਰ੍ਹਵੀ) ਤੱਕ ਅਪਗ੍ਰੇਡ ਕੀਤਾ ਜਾਵੇ ਅਤੇ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਨੂੰ ਵੀ ਤੁਰੰਤ ਪੂਰਾ ਕੀਤਾ ਜਾਵੇ।