ਨੌਧਰਾਣੀ ਫਾਟਕ ’ਤੇ ਓਵਰਬ੍ਰਿਜ ਬਣਾਉਣ ਦੀ ਮੰਗ ਨੌਧਰਾਣੀ ਫਾਟਕ ’ਤੇ ਓਵਰਬ੍ਰਿਜ ਬਣਾਉਣ ਦੀ ਮੰਗ
Publish Date: Tue, 22 Sep 2026 03:50 PM (IST)
Updated Date: Wed, 23 Sep 2026 04:00 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਮਾਲੇਰਕੋਟਲਾ-ਨੌਧਰਾਣੀ ਸੜਕ ’ਤੇ ਰੇਲਵੇ ਫਾਟਕ ਅਕਸਰ ਲੰਮੇ ਸਮੇਂ ਤੱਕ ਬੰਦ ਰਹਿਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਾਟਕ ਬੰਦ ਹੋਣ ਨਾਲ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਛੋਟੇ-ਮੋਟੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਇਸ ਸਮੱਸਿਆ ਤੋਂ ਪੱਕੇ ਤੌਰ ’ਤੇ ਨਿਜ਼ਾਤ ਦਿਵਾਉਣ ਲਈ ਫਾਟਕ ਨੇੜੇ ਓਵਰਬ੍ਰਿਜ ਬਣਾਉਣ ਦੀ ਮੰਗ ਕੀਤੀ ਹੈ। ਸਬਜ਼ੀ ਵਿਕਰੇਤਾ ਅੰਮ੍ਰਿਤਪਾਲ ਸਿੰਘ ਕਾਲਾਬੂਲਾ, ਅਬਦੁਲ ਗੁਫਾਰ, ਰਹਿਮਾਨ ਅਤੇ ਭੰਤ ਸਿੰਘ ਹਥਨ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਮਾਲੇਰਕੋਟਲਾ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਆਪਣੇ ਇਲਾਕਿਆਂ ਵੱਲ ਜਾਂਦੇ ਹਨ। ਜਦੋਂ ਉਹ ਰੇਲਵੇ ਫਾਟਕ ’ਤੇ ਪਹੁੰਚਦੇ ਹਨ ਤਾਂ ਕਈ ਵਾਰ ਅਚਾਨਕ ਫਾਟਕ ਬੰਦ ਹੋ ਜਾਣ ਕਾਰਨ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਹਨ ਇਕੱਠੇ ਹੋਣ ਕਾਰਨ ਆਵਾਜਾਈ ਵਿਵਸਥਾ ਵਿਗੜ ਜਾਂਦੀ ਹੈ ਅਤੇ ਜਾਮ ਦੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫਾਟਕ ਬੰਦ ਹੋਣ ਸਮੇਂ ਦੋਵੇਂ ਪਾਸਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਭੀੜ ਕਾਰਨ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਫ਼ੀ ਦੇਰੀ ਹੁੰਦੀ ਹੈ। ਕਈ ਵਾਰ ਕਾਹਲੀ ਵਿੱਚ ਵਾਹਨ ਚਾਲਕ ਗਲਤ ਪਾਸੇ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਛੋਟੇ-ਮੋਟੇ ਹਾਦਸੇ ਵੀ ਵਾਪਰ ਜਾਂਦੇ ਹਨ। ਇਲਾਕਾ ਵਾਸੀਆਂ ਨੇ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਦੇ ਹੋਰ ਰੇਲਵੇ ਫਾਟਕਾਂ ਨੇੜੇ ਓਵਰਬ੍ਰਿਜ ਬਣੇ ਹੋਏ ਹਨ, ਜਿਸ ਕਾਰਨ ਉਥੇ ਆਵਾਜਾਈ ਕਾਫ਼ੀ ਸੁਚਾਰੂ ਢੰਗ ਨਾਲ ਚੱਲਦੀ ਹੈ। ਪਰ ਨੌਧਰਾਣੀ ਸੜਕ ’ਤੇ ਸਥਿਤ ਇਸ ਰੇਲਵੇ ਫਾਟਕ ਦੀ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਉਠਾਏ ਜਾਣ ਦੇ ਬਾਵਜੂਦ ਅਜੇ ਤੱਕ ਇਸ ਪਾਸੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਨੌਧਰਾਣੀ ਫਾਟਕ ਨੇੜੇ ਓਵਰਬ੍ਰਿਜ ਬਣਾਉਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ, ਤਾਂ ਜੋ ਰਾਹਗੀਰਾਂ ਨੂੰ ਰੋਜ਼ਾਨਾ ਲੱਗਦੇ ਜਾਮ ਤੋਂ ਰਾਹਤ ਮਿਲ ਸਕੇ ਅਤੇ ਹਾਦਸਿਆਂ ਦੇ ਖ਼ਤਰੇ ਨੂੰ ਵੀ ਘਟਾਇਆ ਜਾ ਸਕੇ।