ਕੱਚੇ ਰਸਤੇ ’ਤੇ ਲਿੰਕ ਸੜਕ ਬਣਾਉਣ ਦੀ ਮੰਗ ਪਿੰਡ ਵਜੀਦਕੇ ਕਲਾਂ ਤੋਂ ਚੁਹਾਣਕੇ ਕਲਾਂ ਨੂੰ ਜੋੜਦੇ ਕੱਚੇ ਰਸਤੇ ਤੇ ਲਿੰਕ ਸੜਕ ਬਣਾਉਣ ਦੀ ਮੰਗ
Publish Date: Thu, 06 Aug 2026 07:30 PM (IST)
Updated Date: Fri, 07 Aug 2026 04:05 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ ਬੱਸ ਸਟੈਡ ਵਜੀਦਕੇ ਕਲਾਂ ਤੋਂ ਸੂਏ ਦੇ ਨਾਲ ਜਾ ਕੇ ਅੱਗੇ ਚੁਹਾਣਕੇ ਕਲਾਂ ਨੂੰ ਮਿਲਾਉਦੇ ਕੱਚੇ ਰਸਤੇ ਤੇ ਪੱਕੀ ਸੜਕ ਬਣਾਉਣ ਦੀ ਮੰਗ ਉੱਠੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕੱਚੇ ਰਾਹ ਤੇ ਲਿੰਕ ਸੜਕ ਬਣਾਉਣ ਸਬੰਧੀ ਅਨੇਕਾਂ ਵਾਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਧਿਆਨ ’ਚ ਲਿਆਦਾ ਜਾ ਚੁੱਕਾ ਹੈ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲਿਆ ਗਿਆ, ਉਨ੍ਹਾਂ ਵੱਲੋਂ ਸੜਕ ਪਾਸ ਹੋਣ ਦੀ ਗੱਲ ਤਾਂ ਕੀਤੀ ਜਾਂਦੀ ਹੈ, ਪਰ ਬਣੇਗੀ ਕਦੋਂ ਇਸ ਬਾਰੇ ਕੋਈ ਠੋਸ ਜਵਾਬ ਨਹੀਂ ਮਿਲਦਾ। ਇਸ ਸਬੰਧੀ ਗੱਲਬਾਤ ਕਰਦਿਆਂ ਨੰਬਰਦਾਰ ਅਮਨਪ੍ਰੀਤ ਸਿੰਘ ਚੁਹਾਣਕੇ ਕਲਾਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਪ੍ਰੀਤਮ ਸਿੰਘ ਸਮਰਾ, ਬਲਵਿੰਦਰ ਸਿੰਘ, ਜੀਤ ਸਿੰਘ, ਨਛੱਤਰ ਸਿੰਘ,ਕਿਸਾਨ ਆਗੂ ਦਰਸਨ ਸਿੰਘ ਵਜੀਦਕੇ ਕਲਾਂ, ਸੁਖਚੈਨ ਸਿੰਘ, ਬਹਾਦਰ ਸਿੰਘ, ਗੁਰਮੀਤ ਸਿੰਘ, ਬੂਟਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੜਕਾਂ ਬਣਾਉਣ ਦੇ ਵੱਡੇ ਵੱਡੇ ਦਾਅਵੇ ਤਾਂ ਜਰੂਰ ਕਰਦੀ ਹੈ, ਪਰ ਪਿੰਡ ਵਜੀਦਕੇ ਕਲਾਂ ਤੋਂ ਚੁਹਾਣਕੇ ਕਲਾਂ ਨੂੰ ਜੋੜਦੇ ਕੱਚੇ ਰਾਹ ਤੇ ਸੜਕ ਦਾ ਨਿਰਮਾਣ ਕਰਨ ਦੀ ਮੰਗ ਅਜੇ ਤੱਕ ਪੂਰੀ ਨਹੀਂ ਹੋਈ। ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਮੇਨ ਬੱਸ ਸਟੈਂਡ ਵਜੀਦਕੇ ਕਲਾਂ ਤੋਂ ਰੋਜਾਨਾ ਸਵਾਰੀਆਂ ਆ ਕੇ ਬੱਸ ਸਫਰ ਕਰਦੀਆਂ ਹਨ, ਸਕੂਲੀ ਬੱਸਾਂ ਲੰਮੀ ਦੂਰੀ ਤਹਿ ਕਰਕੇ ਮੇਨ ਰੋਡ ’ਤੇ ਚੜ੍ਹਦੀਆਂ ਹਨ। ਕਿਸਾਨ ਆਪਣੇ ਖੇਤਾਂ ’ਚ ਜਾਣ ਲਈ ਰੋਜ਼ਾਨਾ ਕੱਚੇ ਰਾਹ ਰਾਹੀ ਜਾਂਦੇ ਹਨ, ਜਿਸ ਤੇ ਮੋਟਰ ਸਾਈਕਲ ਜਾਂ ਸਾਈਕਲ ਚਲਾਉਣ ’ਚ ਵੀ ਪ੍ਰੇਸਾਨੀ ਆਉੇਦੀ ਹੈ। ਇਹ ਰਾਹ ਹਰ ਸਮੇਂ ਪਾਣੀ ਨਾਲ ਭਰਿਆ ਰਹਿੰਦਾ ਹੈ, ਬੱਚਿਆਂ ਨੂੰ ਚੁਹਾਣਕੇ ਫਿਰਨੀ ਤੇ ਜਾ ਕੇ ਬੱਸ ’ਚ ਚੜ੍ਹਾਉਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਕਈ ਵਾਰ ਇਹ ਸੜਕ ਮਨਜੂਰ ਹੋ ਗਈ ਕਹਿ ਕੇ ਗੱਲ ਉਥੇ ਹੀ ਛੱਡ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਜੇਕਰ ਵਜੀਦਕੇ ਕਲਾਂ ਤੋਂ ਚੁਹਾਣਕੇ ਕਲਾਂ ਨੂੰ ਜੋੜਦੇ ਇਸ ਕੱਚੇ ਰਾਹ ਨੂੰ ਪੱਕਾ ਕੀਤਾ ਜਾਂਦਾ ਹੈ ਤਾਂ ਪਿੰਡ ਵਾਸੀਆਂ ਸਮੇਤ ਇਲਾਕੇ ਦੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਜਿਸ ਕਰਕੇ ਲੋਕਾਂ ਦੀਆਂ ਮੁਸਕਲਾਂ ਨੂੰ ਦੇਖਦੇ ਹੋਏ ਇਹ ਕੱਚੇ ਰਾਹ ਤੇ ਲਿੰਕ ਸੜਕ ਦਾ ਨਿਰਮਾਣ ਕੀਤਾ ਜਾਵੇ।